ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਜੁਲਾਈ
ਪੀ ਏ ਯੂ ਦੇ ਕੀਟ ਵਿਗਿਆਨ ਵਿਭਾਗ ਵਲੋਂ ਐੱਨਬੀਐਚਐੱਮ ਵੱਲੋਂ ਪ੍ਰਾਯੋਜਿਤ ਪੰਜ ਦਿਨਾਂ ਸ਼ੁਰੂਆਤੀ ਲੋਕਾਂ ਲਈ ਮਧੂ-ਮੱਖੀ ਪਾਲਣ ਸਿਖਲਾਈ ਕੋਰਸ ਸਫਲਤਾਪੂਰਵਕ ਸਮਾਪਤ ਹੋਇਆ। ਇਸ ਸਿਖਲਾਈ ਵਿੱਚ ਕੁੱਲ 43 ਸਿਖਿਆਰਥੀਆਂ ਨੇ ਹਿੱਸਾ ਲਿਆ।
ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਇਸ ਸਿਖਲਾਈ ਕੋਰਸ ਰਾਹੀਂ ਰਾਜ ਦੇ ਗਰੀਬ ਅਤੇ ਬੇਰੁਜ਼ਗਾਰ ਪੇਂਡੂ ਨੌਜਵਾਨਾਂ ਨੂੰ ਰੋਜ਼ੀ-ਰੋਟੀ ਦੇ ਯੋਗ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਿਖਿਆਰਥੀਆਂ ਵਿੱਚ ਅਰਧ-ਸੈਨਿਕ ਕਰਮਚਾਰੀ ਵੀ ਸ਼ਾਮਲ ਹਨ ਅਤੇ ਅਜਿਹੇ ਸਿਖਲਾਈ ਪ੍ਰਾਪਤ ਵਿਅਕਤੀ ਆਪਣੇ-ਆਪਣੇ ਰਾਜਾਂ ਵਿੱਚ ਪੀ.ਏ.ਯੂ. ਦੇ ਰਾਜਦੂਤ ਵਾਂਗ ਕਾਰਜ ਕਰਨਗੇ।
ਇਹ ਸਿਖਲਾਈ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਮੀਤ ਕੌਰ ਭੁੱਲਰ ਦੀ ਸਮੁੱਚੀ ਨਿਗਰਾਨੀ ਹੇਠ ਆਯੋਜਿਤ ਕੀਤੀ ਗਈ ਸੀ।
ਸਮਾਪਤੀ ਸਮਾਰੋਹ ਦੌਰਾਨ ਪ੍ਰਿੰਸੀਪਲ ਕੀਟ ਵਿਗਿਆਨੀ ਡਾ. ਬੀ.ਕੇ. ਕੰਗ ਨੇ ਦੱਸਿਆ ਕਿ ਸਿਖਿਆਰਥੀ ਵੱਖ-ਵੱਖ ਰਾਜਾਂ - ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਮੱਧ ਪ੍ਰਦੇਸ਼, ਰਾਜਸਥਾਨ, ਬਿਹਾਰ ਅਤੇ ਤੇਲੰਗਾਨਾ ਤੋਂ ਸਨ। ਉਨ੍ਹਾਂ ਦੱਸਿਆ ਕਿ 43 ਸਿਖਿਆਰਥੀਆਂ ਵਿੱਚੋਂ ਇੱਕ ਹਿੱਸਾ ਇੰਡੋ ਤਿੱਬਤੀ ਬਾਰਡਰ ਪੁਲੀਸ ਦਾ ਸੀ।
ਪ੍ਰਮੁੱਖ ਕੀਟ ਵਿਗਿਆਨੀ ਅਤੇ ਕੋਰਸ ਦੇ ਨਿਰਦੇਸ਼ਕ ਡਾ. ਜਸਪਾਲ ਸਿੰਘ ਨੇ ਕਿਹਾ ਕਿ ਸਿਖਿਆਰਥੀਆਂ ਨੂੰ ਭਾਸ਼ਣਾਂ, ਪ੍ਰਦਰਸ਼ਨਾਂ ਅਤੇ ਵਿਹਾਰਕ ਤਰੀਕਿਆਂ ਨਾਲ ਮਧੂ-ਮੱਖੀ ਪਾਲਣ ਦੇ ਵੱਖ-ਵੱਖ ਪਹਿਲੂਆਂ ਬਾਰੇ ਗਿਆਨ ਦਿੱਤਾ ਗਿਆ।