ਵਿਰਾਸਤੀ ਤੇ ਕੋਮਲ ਕਲਾਵਾਂ ਮੁਕਾਬਲਿਆਂ ਦੀ ਵਰਕਸ਼ਾਪ
ਗੁੱਡੀਆਂ ਪਟੋਲੇ ਬਣਾਉਣਾ, ਕਰੋਸ਼ੀਆਂ, ਲੋਕ ਨਾਚ, ਸੰਗੀਤ ਆਦਿ ਦੀ ਸਿਖਲਾਈ ਦਿੱਤੀ
ਪੀ.ਏ.ਯੂ. ਅੰਤਰ-ਕਾਲਜ ਯੁਵਕ ਮੇਲੇ ਦੀ ਵਿਰਾਸਤੀ ਅਤੇ ਕੋਮਲ ਕਲਾਵਾਂ ਦੀਆਂ ਵੰਨਗੀਆਂ ਵਿੱਚ ਦਿਲਚਸਪੀ ਲੈਣ ਵਾਲੇ ਯੂਨੀਵਰਸਿਟੀ ਵਿਦਿਆਰਥੀਆਂ ਦੇ ਹੁਨਰ ਨੂੰ ਵਧਾਉਣ ਅਤੇ ਹੋਰ ਨਿਖਾਰਣ ਲਈ ’ਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਦਫਤਰ ਵੱਲੋਂ ਦੋ ਦਿਨ ਦੀ ਕਲਾ-ਵਰਕਸ਼ਾਪ ਵਿਦਿਆਰਥੀ ਭਵਨ ਵਿੱਚ ਕਰਵਾਈ ਗਈ। ਇਸ ਪ੍ਰੋਗਰਾਮ ਵਿੱਚ ’ਵਰਸਿਟੀ ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਜੀਵਨ ਵਿੱਚ ਪੜ੍ਹਾਈ ਦੇ ਨਾਲ ਨਾਲ ਸਾਹਿਤ ਕਲਾ ਅਤੇ ਸੱਭਿਆਚਾਰਕ ਗਤੀਵਿਧੀਆਂ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਦੱਸਿਆ ਕਿ ਪੀਏਯੂ ਦਾ ਸਲਾਨਾ ਅੰਤਰ ਕਾਲਜ ਯੁਵਕ ਮੇਲਾ ਨਵੰਬਰ ਮਹੀਨੇ ਕੈਂਪਸ ਵਿਖੇ ਕਰਵਾਇਆ ਜਾਣਾ ਹੈ। ਜਿਸ ਵਿੱਚ ਪੀ.ਏ.ਯੂ. ਦੇ ਵੱਖ-ਵੱਖ ਕਾਲਜਾਂ ਅਤੇ ਸੰਸਥਾਵਾਂ ਦੇ ਵਿਦਿਆਰਥੀ ਲੋਕ ਨਾਚ, ਸੰਗੀਤ, ਕੋਮਲ ਕਲਾਵਾਂ, ਵਿਰਾਸਤੀ ਕਲਾਵਾਂ, ਸਾਹਿਤਕ ਅਤੇ ਰੰਗ ਮੰਚ ਸ਼੍ਰੇਣੀਆਂ ਦੀਆਂ ਵੱਖ ਵੱਖ ਵੰਨਗੀਆਂ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਡਾ. ਜੌੜਾ ਨੇ ਦੱਸਿਆ ਕਿ ਇਸ ਸਾਲ ਯੂਨੀਵਰਸਿਟੀ ਦੇ ਅੰਤਰ-ਕਾਲਜ ਯੁਵਕ ਮੇਲੇ ਵਿੱਚ ਵਿਰਾਸਤੀ ਕਲਾਵਾਂ ਦੀ ਸ਼੍ਰੇਣੀ ਵਿੱਚ ਗੁੱਡੀਆਂ ਪਟੋਲੇ ਬਣਾਉਣਾ, ਕਰੋਸ਼ੀਆਂ ਕੋਮਲ ਕਲਾਵਾਂ ਸ਼੍ਰੇਣੀ ਵਿੱਚ ਗਰਾਫਟੀ ਅਤੇ ਲੋਕ ਨਾਚ ਸ਼੍ਰੇਣੀ ਵਿੱਚ ਕੋਰਿਓਗ੍ਰਾਫੀ ਦੇ ਨਵੇਂ ਮੁਕਾਬਲੇ ਪਹਿਲੀ ਵਾਰ ਕਰਵਾਏ ਜਾਣਗੇ।
ਯੂਨੀਵਰਸਿਟੀ ਦੇ ਐਸੋਸੀਏਟ ਡਾਇਰੈਕਟਰ (ਕਲਚਰ) ਡਾ ਰੁਪਿੰਦਰ ਕੌਰ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਭਾਗੀਦਾਰ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਅਤੇ ਉਹਨਾਂ ਦੇ ਹੁਨਰ ਨੂੰ ਹੋਰ ਨਿਖਾਰਣ ਲਈ ਇਸ ਦੋ ਦਿਨ ਦੀ ਕਲਾ-ਵਰਕਸ਼ਾਪ ਕਰਵਾਈ ਗਈ ਹੈ। ਵਿਰਾਸਤੀ ਕਲਾਵਾਂ ਦੀਆਂ ਵੰਨਗੀਆਂ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਲੋਕ ਕਲਾਵਾਂ ਦੇ ਮਾਹਿਰ ਅਤੇ ਪੰਜਾਬੀ ਲੇਖਕ ਡਾ. ਕਿਰਪਾਲ ਕਜ਼ਾਕ ਵਿਦਿਆਰਥੀਆਂ ਦੇ ਰੂਬਰੂ ਹੋਏ। ਡਾ. ਕਜ਼ਾਕ ਨੇ ਵਿਦਿਆਰਥੀਆਂ ਨੂੰ ਇੰਨੂ ਬੁਣਨਾ, ਛਿੱਕੂ ਬੁਣਨਾ, ਫੁੱਲਕਾਰੀ ਕੱਢਣਾ, ਮਿੱਟੀ ਦੇ ਖਿਡੌਣੇ ਬਣਾਉਨਾ, ਨਾਲੇ ਬੁਣਨਾ, ਪੀੜ੍ਹੀ ਬੁਣਨਾ, ਪੱਖੀ ਬੁਣਨਾ, ਬੁਣਾਈ, ਦਸੂਤੀ ਦੀ ਕਢਾਈ, ਮੁਹਾਵਰੇਦਾਰ ਵਾਰਤਾਲਾਪ, ਵਿਰਾਸਤੀ ਪ੍ਰਸ਼ਨੋਤਰੀ ਦੀਆਂ ਵੰਨਗੀਆਂ ਦੇ ਸਬੰਧੀ ਜਾਣਕਾਰੀ ਸਾਂਝੀ ਕੀਤੀ। ਕੋਮਲ ਕਲਾਵਾਂ ਦੀਆਂ ਵੰਨਗੀਆਂ ਲਈ ਉੱਘੇ ਆਰਟਿਸਟ ਹਨੀਸ਼ ਕਾਂਤ ਨੇ ਵਿਦਿਆਰਥੀਆਂ ਨਾਲ ਗ੍ਰਾਫਟੀ, ਕੋਲਾਜ਼ ਬਣਾਉਨਾ, ਪੋਸਟਰ ਮੇਕਿੰਗ, ਕਾਰਟੂਨਿੰਗ, ਰੰਗੋਲੀ, ਮਹਿੰਦੀ, ਕਲੇਅ ਮਾਡÇਲੰਗ, ਪੇਟਿੰਗ, ਫੋਟੋਗ੍ਰਾਫੀ, ਕੈਲੀਗ੍ਰਾਫੀ ਦੇ ਮੁਕਾਬਲਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਵਰਕਸ਼ਾਪ ਦੌਰਾਨ ਡਾ. ਕਮਲਜੀਤ ਸਿੰਘ ਸੂਰੀ, ਡਾ ਵਿਸ਼ਾਲ ਬੈਕਟਰ, ਡਾ ਅਭੀਸ਼ੇਕ ਸ਼ਰਮਾ ਅਤੇ ਯੂਨੀਵਰਸਿਟੀ ਦੇ ਸਾਰੇ ਕਾਲਜਾਂ ਤੋਂ ਸਬੰਧਤ ਅਧਿਆਪਕ ਇੰਚਾਰਜ ਵੀ ਸ਼ਾਮਲ ਹੋਏ।