ਸਨਅਤੀ ਸ਼ਹਿਰ ਲੁਧਿਆਣਾ ਵਿੱਚ ਅੱਜ ਭਾਵੇਂ ਸਾਰਾ ਦਿਨ ਤਿੱਖੀ ਧੁੱਪ ਨਿਕਲੀ ਰਹੀ ਪਰ ਦੁਪਹਿਰ ਬਾਅਦ ਅਚਾਨਕ ਕਈ ਇਲਾਕਿਆਂ ਵਿੱਚ ਤੇਜ਼ ਮੀਂਹ ਪੈ ਗਿਆ। ਇਸ ਮੀਂਹ ਨਾਲ ਸੜ੍ਹਕਾਂ ’ਤੇ ਚਿੱਕੜ ਹੋ ਗਿਆ ਜਿਸ ਕਰਕੇ ਪੈਦਲ ਰਾਹਗੀਰਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਐਤਵਾਰ ਸਵੇਰ ਸਮੇਂ ਹੀ ਮੌਸਮ ਸਾਫ ਸੀ ਅਤੇ ਦੁਪਹਿਰ ਤੱਕ ਤਿੱਖੀ ਧੁੱਪ ਨਿਕਲੀ ਰਹੀ। ਇਸ ਤਿੱਖੀ ਧੁੱਪ ਕਰਕੇ ਗਰਮੀ ਵੀ ਪਿਛਲੇ ਦਿਨਾਂ ਦੇ ਮੁਕਾਬਲੇ ਵਧ ਗਈ ਸੀ। ਦੁਪਹਿਰ ਬਾਅਦ ਅਚਾਨਕ ਅਕਾਸ਼ ’ਤੇ ਸੰਘਣੀ ਬੱਦਲਵਾਈ ਹੋਈ ਅਤੇ ਤੇਜ਼ ਨੇਰ੍ਹੀ ਤੋਂ ਬਾਅਦ ਮੀਂਹ ਪੈਣਾ ਸ਼ੁਰੂ ਹੋ ਗਿਆ।
ਇਸ ਮੀਂਹ ਕਾਰਨ ਪੈਦਲ ਰਾਹਗੀਰ ਅਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅਚਾਨਕ ਆਇਆ ਇਹ ਮੀਂਹ ਕਰੀਬ 15 ਤੋਂ 20 ਮਿੰਟ ਤੱਕ ਜਾਰੀ ਰਿਹਾ। ਇਸ ਨਾਲ ਸਮਰਾਲਾ ਚੌਂਕ ਤੋਂ ਜੋਧਵਾਲ ਬਸਤੀ ਤੱਕ ਆਉਂਦੇ ਇਲਾਕੇ ਸ਼ਕਤੀ ਨਗਰ, ਕ੍ਰਿਪਾਲ ਨਗਰ, ਟਿੱਬਾ ਰੋਡ, ਤਾਜਪੁਰ ਰੋਡ ਆਦਿ ਥਾਵਾਂ ’ਤੇ ਕੁੱਝ ਸਮੇਂ ਲਈ ਪਾਣੀ ਖੜ੍ਹਾ ਹੋ ਗਿਆ। ਮੀਂਹ ਤੋਂ ਬਾਅਦ ਦੁਬਾਰਾ ਨਿੱਕਲੀ ਤਿੱਖੀ ਧੁੱਪ ਨੇ ਲੋਕਾਂ ਨੂੰ ਪ੍ਰੇਸ਼ਾਨ ਕਰੀ ਰੱਖਿਆ।