ਸਿਹਤ ਮੰਤਰੀ ਵੱਲੋਂ ਜਿਮ ’ਚ ਕਸਰਤ ਕਰਨ ਵਾਲਿਆਂ ਲਈ ਸਿਹਤ ਕੈਲੰਡਰ ਜਾਰੀ
ਜਿਮ ਵਿੱਚ ਕਸਰਤ ਅਤੇ ਖੇਡ ਗਤੀਵਿਧੀਆਂ ਦੌਰਾਨ ਅਚਾਨਕ ਹੋਣ ਵਾਲੀਆਂ ਮੌਤਾਂ ਦੀ ਵਧਦੀ ਗਿਣਤੀ ਨੂੰ ਰੋਕਣ ਦੇ ਉਦੇਸ਼ ਹਿਤ ਅੱਜ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇਥੇ ਪੀਏਯੂ ਨਾਲ ਸਾਂਝੇ ਤੌਰ ’ਤੇ ਸਿਹਤ ਸਲਾਹ ਕੈਲੰਡਰ ਜਾਰੀ ਕੀਤਾ ਹੈ। ਇਹ ਕੈਲੰਡਰ ਪੀਏਯੂ ਨਾਲ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਅਤੇ ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਦੇ ਮਾਹਰਾਂ ਦੀ ਟੀਮ ਵੱਲੋਂ ਤਿਆਰ ਕੀਤਾ ਗਿਆ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਡਾ. ਸਤਿਬੀਰ ਸਿੰਘ ਗੋਸਲ ਤੇ ਡਾ. ਬਿਸ਼ਵ ਮੋਹਨ ਨਾਲ ਵਿਸਥਾਰ ਵਿਚ ਚਰਚਾ ਕਰਕੇ ਇਹ ਕੈਲੰਡਰ ਤਿਆਰ ਕੀਤਾ ਗਿਆ ਹੈ। ਉਨ੍ਹਾਂ ਜਿਮ ਜਾਣ ਵਾਲਿਆਂ ਵੱਲੋਂ ਗੈਰ ਤਜਵੀਜ਼ਸ਼ੁਦਾ ਸਪਲੀਮੈਂਟ ਦੀ ਵਰਤੋਂ ਕਰਨ ’ਤੇ ਫਿਕਰਮੰਦੀ ਜ਼ਾਹਰ ਕਰਦਿਆਂ ਕਿਹਾ ਕਿ ਮਾਹਿਰ ਵਿਗਿਆਨੀਆਂ ਅਤੇ ਡਾਕਟਰਾਂ ਦੇ ਨਾਲ-ਨਾਲ ਭੋਜਨ ਮਾਹਿਰਾਂ ਦੀ ਸਲਾਹ ਨਾਲ ਕੁਝ ਹਦਾਇਤਾਂ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਪਾਲਣਾ ਕਰਕੇ ਕਸਰਤ ਕਰਨ ਵਾਲਿਆਂ ਵਿੱਚ ਦਿਲ ਦੇ ਦੌਰੇ ਦੀਆਂ ਘਟਨਾਵਾਂ ਨੂੰ ਠੱਲ੍ਹਿਆ ਜਾ ਸਕਦਾ ਹੈ।
ਐਮਰਜੈਂਸੀ ਪ੍ਰਤੀਕਿਰਿਆ ਦੀ ਮਹੱਤਤਾ ਨੂੰ ਪਛਾਣਦੇ ਹੋਏ, ਸਿਹਤ ਵਿਭਾਗ ਨੇ ਜਿੰਮ ਮਾਲਕਾਂ, ਟਰੇਨਰਾਂ ਅਤੇ ਨੌਜਵਾਨ ਐਥਲੀਟਾਂ ਨੂੰ ਸੀ.ਪੀ.ਆਰ (ਕਾਰਡੀਓਪਲਮੋਨਰੀ ਰੀਸਸੀਟੇਸ਼ਨ) ਅਤੇ ਬੇਸਿਕ ਲਾਈਫ ਸਪੋਰਟ (ਬੀ.ਐਲ.ਐਸ) ਵਿੱਚ ਸਿਖਲਾਈ ਦੇਣ ਲਈ ਇੱਕ ਰਾਜ-ਵਿਆਪੀ ਪਹਿਲਕਦਮੀ ਵੀ ਸ਼ੁਰੂ ਕੀਤੀ ਹੈ। ਇਸ ਕੈਲੰਡਰ ਵਿੱਚ ਤਿੰਨ ਸ਼੍ਰੇਣੀਆਂ ਸ਼ਾਮਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਬਿਲਕੁਲ ਨਾ ਖਾਣ ਯੋਗ ਸਪਲੀਮੈਂਟ ਜਾਂ ਸਟੀਰੌਇਡ ਆਦਿ ਤੋਂ ਲੈ ਕੇ ਕਸਰਤ ਕਰਨ ਵਾਲਿਆਂ ਲਈ ਲਾਭਦਾਇਕ ਖੁਰਾਕਾਂ ਬਾਰੇ ਦੱਸਿਆ ਗਿਆ ਹੈ।
ਪੀਏਯੂ ਵਿੱਚ ਜਿਮਨੇਜ਼ੀਅਮ ਦਾ ਉਦਘਾਟਨ
ਇਸ ਮੌਕੇ ਡਾ. ਬਲਬੀਰ ਸਿੰਘ ਨੇ ਪੀਏਯੂ ਵਿੱਚ ਨਵੇਂ ਬਣੇ ਜਿਮਨੇਜ਼ੀਅਮ ਦਾ ਉਦਘਾਟਨ ਵੀ ਕੀਤਾ। ਇਸ ਜਿਮ ਵਿਚ ਕਸਰਤ ਅਤੇ ਫਿਟਨੈੱਸ ਲਈ ਆਧੁਨਿਕ ਸਹੂਲਤਾਂ ਉਪਲੱਬਧ ਹਨ। ਡਾ. ਗੋਸਲ ਨੇ ਦੱਸਿਆ ਕਿ ਨਵੇਂ ਬਣੇ ਜਿਮਨੇਜ਼ੀਅਮ ਵਿੱਚ ਔਰਤਾਂ ਅਤੇ ਮਰਦਾਂ ਲਈ ਵੱਖਰੇ-ਵੱਖਰੇ ਸ਼ੈਕਸ਼ਨ ਵਿਦਿਆਰਥੀਆਂ ਦੀ ਅਕਾਦਮਿਕ, ਮਾਨਸਿਕ ਅਤੇ ਸਰੀਰਕ ਮਜ਼ਬੂਤੀ ਨੂੰ ਧਿਆਨ ਵਿਚ ਰੱਖ ਕੇ ਸਮੁੱਚੇ ਸ਼ਖ਼ਸੀ ਵਿਕਾਸ ਲਈ ਵਿਉਂਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਅਤਿ ਆਧੁਨਿਕ ਸਹੂਲਤਾਂ ਵਾਲੀਆਂ 64 ਮਸ਼ੀਨਾਂ ਲਗਾਈਆਂ ਗਈਆਂ ਹਨ।