ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਿਹਤ ਵਿਭਾਗ ਨੇ ਵੀ ਸ਼ਹਿਰ ਵਿੱਚ ਮਠਿਆਈਆਂ ਬਣਾਉਣ ਵਾਲਿਆਂ ’ਤੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਕਈ ਥਾਵਾਂ ’ਤੇ ਕਾਰਵਾਈ ਕਰਨ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਅੱਜ ਸ਼ਿਮਲਾਪੁਰੀ ਇਲਾਕੇ ਵਿੱਚ ਮਠਿਆਈਆਂ ਬਣਾਉਣ ਵਾਲੀ ਫੈਕਟਰੀ ’ਤੇ ਅਚਨਚੇਤ ਛਾਪੇਮਾਰੀ ਕੀਤੀ। ਇਸ ਦੌਰਾਨ ਫੈਕਟਰੀ ਵਿੱਚ ਗੰਦਗੀ ਵਿੱਚ ਬਣ ਰਹੀ ਮਠਿਆਈ ਦੇ ਸੈਂਪਲ ਭਰੇ ਤੇ ਮਠਿਆਈਆਂ ਨੂੰ ਨਸ਼ਟ ਕਰਵਾਇਆ। ਇਥੇ ਗੰਦਗੀ ਵਿੱਚ ਹੀ ਰਸਗੁੱਲੇ, ਗੁਲਾਬ ਜਾਮਣ ਸਣੇ ਵੱਡੀ ਮਾਤਰਾ ਵਿੱਚ ਹੋਰ ਮਠਿਆਈਆਂ ਬਣਾਈਆਂ ਜਾ ਰਹੀਆਂ ਸਨ। ਐੱਨ ਜੀ ਓ ਚਲਾਉਣ ਵਾਲੇ ਰਮੇਸ਼ ਬਾਂਗੜ ਨੇ ਦੱਸਿਆ ਕਿ ਉਨ੍ਹਾਂ ਨੇ ਸਿਵਲ ਸਰਜਨ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਸਿਹਤ ਵਿਭਾਗ ਦੇ ਡਰੱਗ ਅਧਿਕਾਰੀ ਯੋਗੇਸ਼ ਦੀ ਅਗਵਾਈ ਵਿੱਚ ਟੀਮ ਨੇ ਸ਼ਿਵਪੁਰੀ ਸਥਿਤ ਕਿਸਾਨ ਕੋਲਡ ਸਟੋਰੇਜ਼ ’ਤੇ ਛਾਪਾ ਮਾਰਿਆ ਹੈ। ਉਨ੍ਹਾਂ ਦੱਸਿਆ ਕਿ ਨੀਲੇ ਡਰੱਮਾਂ ਵਿੱਚ ਸਟੋਰ ਕੀਤੀਆਂ ਮਠਿਆਈਆਂ ਨੂੰ ਟੀਮ ਨੇ ਕਬਜ਼ੇ ’ਚ ਲੈ ਨਸ਼ਟ ਕਰਵਾਇਆ। ਸਿਹਤ ਵਿਭਾਗ ਅਧਿਕਾਰੀ ਯੋਗੇਸ਼ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਕੋਲਡ ਸਟੋਰ ਵਿੱਚ ਰਖਵਾਈ ਗਈ ਮਠਿਆਈ ਦੇ ਸੈਂਪਲ ਵੀ ਭਰੇ ਗਏ ਹਨ। ਉਨ੍ਹਾਂ ਦੱਸਿਆ ਕਿ ਤਿਉਹਾਰੀ ਸੀਜ਼ਨ ਦੌਰਾਨ ਮਠਿਆਈ ਦੀ ਮੰਗ ਵੱਧ ਜਾਂਦੀ ਹੈ, ਜਿਸ ਕਾਰਨ ਕੁਝ ਗਲਤ ਅਨਸਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ।
ਐੱਨ ਜੀ ਓ ਦੇ ਮੈਂਬਰ ਰਮੇਸ਼ ਬਾਂਗੜ ਨੇ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਜਾਣਕਾਰੀ ਮਿਲੀ ਕਿ ਕੋਲਡ ਸਟੋਰ ਵਿੱਚ ਮਠਿਆਈਆਂ ਰਖਵਾਈਆਂ ਗਈਆਂ ਹਨ ਤਾਂ ਉਨ੍ਹਾਂ ਨੇ ਇਸ ਸਬੰਧੀ ਸਿਹਤ ਮੰਤਰੀ ਤੇ ਸਿਵਲ ਸਰਜਨ ਨੂੰ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।