ਖਾਲੀ ਅਸਾਮੀਆਂ ਕਾਰਨ ਸਿਹਤ ਵਿਭਾਗ ਦੀ ਵਿਗੜੀ ‘ਸਿਹਤ’
25 ਸਿਹਤ ਕੇਂਦਰ ਵਿੱਚ ਸਿਰਫ਼ ਅੱਠ ਮਲਟੀਪਰਪਜ਼ ਹੈਲਥ ਵਰਕਰ; ਤਿੰਨ ਹੋਰ ਕੰਮਾਂ ’ਤੇ ਲਾਏ
ਸਿਹਤ ਤੇ ਸਿੱਖਿਆ ਆਮ ਆਦਮੀ ਪਾਰਟੀ ਸਰਕਾਰ ਦੇ ਦੋ ਵੱਡੇ ‘ਸਿਆਸੀ ਹਥਿਆਰ’ ਹਨ। ਸਿਹਤ ਵਿਭਾਗ ਵਿੱਚ ਜ਼ਿਆਦਾਤਰ ਅਸਾਮੀਆਂ ਖਾਲੀ ਹਨ। ਇੱਕ ਪਾਸੇ ਡੇਂਗੂ, ਮਲੇਰੀਆ ਤੇ ਹੋਰ ਬਿਮਾਰੀਆਂ ਨੇ ਤੇਜ਼ੀ ਨਾਲ ਪੈਰ ਪਸਾਰੇ ਹਨ, ਜਦੋਂਕਿ ਦੂਜੇ ਪਾਸੇ ਖਾਲੀ ਅਸਾਮੀਆਂ ਕਰਕੇ ਲੋਕਾਂ ਨੂੰ ਖੁਆਰ ਹੋਣਾ ਪੈ ਰਿਹਾ ਹੈ। ਵੇਰਵਿਆਂ ਮੁਤਾਬਕ ਹਲਕਾ ਜਗਰਾਉਂ ਅਧੀਨ ਸਿਹਤ ਵਿਭਾਗ ਦੀਆਂ ਵੱਡੀ ਗਿਣਤੀ ਅਸਾਮੀਆਂ ਖਾਲੀ ਹਨ। ਸਬੰਧਤ ਪਿੰਡਾਂ ਦੇ ਲੋਕ ਤੇ ਪੰਚਾਇਤਾਂ ਸਿਹਤ ਵਿਭਾਗ ਦੇ ਨਾਲ ਸਰਕਾਰ ਦੇ ਧਿਆਨ ਵਿੱਚ ਵੀ ਇਹ ਸਮੱਸਿਆ ਲਿਆ ਚੁੱਕੇ ਹਨ ਪਰ ਕੋਈ ਹੱਲ ਨਹੀਂ ਹੋਇਆ।
ਲਿਖਤੀ ਤੌਰ ’ਤੇ ਦੇਣ ਦੇ ਬਾਵਜੂਦ ਅਸਾਮੀਆਂ ਨਹੀਂ ਭਰੀਆਂ ਜਾ ਰਹੀਆਂ। ਬਲਾਕ ਸਿੱਧਵਾਂ ਬੇਟ ਵਿੱਚ ਲਗਪਗ ਚਾਲੀ ਕਿਲੋਮੀਟਰ ਇਲਾਕਾ ਸਤਲੁਜ ਦਰਿਆ ਦਾ ਹੈ। ਇਸ ਵਿੱਚ ਹੰਬੜਾਂ ਦਾ ਸਨਅਤੀ ਇਲਾਕਾ ਵੀ ਸ਼ਾਮਲ ਹੈ ਜਿੱਥੇ ਸੈਂਕੜੇ ਪਰਵਾਸੀ ਮਜ਼ਦੂਰ ਕੰਮ ਕਰਦੇ ਹਨ। ਦੂਜੇ ਪਾਸੇ ਜਗਰਾਉਂ ਬਲਾਕ ਦੇ 98 ਪਿੰਡ ਹਨ, ਜਿਸ ਦੀ ਆਬਾਦੀ ਇੱਕ ਲੱਖ ਤੋਂ ਉੱਪਰ ਹੈ। ਇਸ ਵਿੱਚ 25 ਸਿਹਤ ਕੇਂਦਰ ਬਣੇ ਹੋਏ ਹਨ ਜਿਨ੍ਹਾਂ ਵਿੱਚ ਸਿਰਫ਼ ਅੱਠ ਮਲਟੀਪਰਪਜ਼ ਹੈਲਥ ਵਰਕਰ ਤਾਇਨਾਤ ਹਨ। ਬਾਕੀ ਪੋਸਟਾਂ ਖਾਲੀ ਪਈਆਂ ਹਨ। ਇਨ੍ਹਾਂ ਅੱਠ ਮਲਟੀਪਰਪਜ਼ ਹੈਲਥ ਵਰਕਰਾਂ ਵਿੱਚੋਂ ਇੱਕ ਦੀ ਡਿਊਟੀ ਜਨਮ/ਮੌਤ ਵਾਲੇ ਕਲੈਰੀਕਲ ਕੰਮ ’ਤੇ ਲਾਈ ਹੋਈ ਹੈ, ਦੂਜੇ ਦੋ ਲੁਧਿਆਣੇ ਡੈਪੂਟੇਸ਼ਨ ’ਤੇ ਹਨ। ਇਸ ਤਰ੍ਹਾਂ ਵੱਡੀ ਆਬਾਦੀ ਲਈ ਪਿੱਛੇ ਸਿਰਫ਼ ਪੰਜ ਮਲਟੀਪਰਪਜ਼ ਸਿਹਤ ਵਰਕਰ ਹਨ।
ਕਾਂਗਰਸ ਦੇ ਸੀਨੀਅਰ ਆਗੂ ਮੇਜਰ ਸਿੰਘ ਭੈਣੀ, ਕਰਨਜੀਤ ਸਿੰਘ ਸੋਨੀ ਗਾਲਿਬ ਤੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਨੇ ਮੰਗ ਕੀਤੀ ਕਿ ਇਹ ਅਸਾਮੀਆਂ ਫੌਰੀ ਭਰੀਆਂ ਜਾਣ। ਜਿਹੜੇ ਸਿਹਤ ਕਰਮਚਾਰੀਆਂ ਡੈਪੂਟੇਸ਼ਨ ’ਤੇ ਹੋਰ ਕਿਤੇ ਭੇਜੇ ਹਨ ਉਹ ਤਾਂ ਬਿਨਾਂ ਦੇਰੀ ਵਾਪਸ ਕੰਮ ’ਤੇ ਲਾਏ ਜਾਣ, ਜੇਕਰ ਸਰਕਾਰ ਸੱਚਮੁੱਚ ਸਿਹਤ ਮਾਮਲੇ ਵਿੱਚ ਗੰਭੀਰ ਹੈ। ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਸੰਪਰਕ ਕਰਨ ’ਤੇ ਕਿਹਾ ਕਿ ਜ਼ਿਲ੍ਹੇ ਅੰਦਰ ਨਰਸਿੰਗ ਸਟਾਫ਼ ਦੀਆਂ ਖਾਲੀ ਪੋਸਟਾਂ ਨੂੰ ਜਲਦ ਭਰਿਆ ਜਾ ਰਿਹਾ ਹੈ। ਮਲਟੀਪਰਪਜ਼ ਸਿਹਤ ਕਾਮਿਆਂ ਨੂੰ ਸੀਜ਼ਨ ਦੌਰਾਨ ਹੀ ਬਲਾਕਾਂ ਦੇ ਸਿਵਲ ਹਸਪਤਾਲਾਂ ਦੀ ਮੰਗ ਅਨੁਸਾਰ ਭਰਤੀ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਗਰਾਉਂ ਵਿੱਚ ਇਸ ਮੌਕੇ ਅੱਠ ਅਤੇ ਬਲਾਕ ਸਿੱਧਵਾਂ ਬੇਟ ਵਿੱਚ 10 ਮਲਟੀਪਰਪਜ਼ ਸਿਹਤ ਕਰਮਚਾਰੀ ਕੰਮ ਕਰ ਰਹੇ ਹਨ।

