ਹਰਿਆਣਾ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਝੀਂਡਾ ਦੀ ਕਾਰਵਾਈ ਦਾ ਵਿਰੋਧ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਰਾਮਸਰ ਅਤੇ ਜੂਨੀਅਰ ਮੀਤ ਪ੍ਰਧਾਨ ਗੁਰਬੀਰ ਸਿੰਘ ਤਲਾਕੌਰ ਨੇ ਅੱਜ ਇਥੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵੱਲੋਂ ਕੀਤੀ ਗਈ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਕਿ 11 ਮੈਂਬਰੀ ਅੰਤ੍ਰਿੰਗ ਕਮੇਟੀ ਵਿੱਚ ਬਹੁਮਤ ਨਾਲ ਪਾਸ ਕੀਤੇ ਹੋਏ ਮਤੇ ਕਮੇਟੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਇਕੱਲੇ ਰੱਦ ਨਹੀਂ ਕਰ ਸਕਦੇ। ਉਹ ਸਿਰਫ਼ ਉਸੇ ਮਤੇ ਨੂੰ ਰੱਦ ਕਰ ਸਕਦੇ ਹਨ ਜੋ ਉਨ੍ਹਾਂ ਨੇ ਇਕੱਲੇ ਤੌਰ ’ਤੇ ਪਾਸ ਕੀਤਾ ਹੋਵੇ, ਜਿਵੇਂ ਸਬ ਕਮੇਟੀਆਂ ਬਣਾਉਣ ਦਾ ਫ਼ੈਸਲਾ ਸੀ।
ਉਨ੍ਹਾਂ ਕਿਹਾ ਕਿ ਪ੍ਰਧਾਨ ਝੀਂਡਾ ਨੇ ਗਲਤ ਕਮੇਟੀਆਂ ਬਣਾਈਆਂ ਸਨ ਜਿਸ ਖ਼ਿਲਾਫ਼ ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਕੋਲ 13 ਮੈਂਬਰਾਂ ਨੇ ਸਬੂਤਾਂ ਸਮੇਤ ਪੁੱਜ ਕੇ ਸ਼ਿਕਾਇਤ ਦਰਜ ਕਰਵਾਈ ਹੈ।
ਉਨ੍ਹਾਂ ਇਹ ਜਾਣਕਾਰੀ ਵੀ ਸਾਂਝੀ ਕੀਤੀ ਕਿ 11 ਮੈਂਬਰੀ ਅੰਤ੍ਰਿੰਗ ਕਮੇਟੀ ਵਿੱਚ ਬਹੁਮੱਤ ਨਾਲ ਪਾਸ ਹੋਏ ਮਤੇ ਸਿਰਫ਼ 11 ਮੈਂਬਰੀ ਅੰਤ੍ਰਿੰਗ ਕਮੇਟੀ ਹੀ ਰੱਦ ਕਰ ਸਕਦੀ ਹੈ ਕੋਈ ਇਕੱਲਾ ਵਿਅਕਤੀ ਨਹੀਂ ਰੱਦ ਸਕਦਾ ਭਾਵੇਂ ਉਹ ਪ੍ਰਧਾਨ ਹੀ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਪ੍ਰਧਾਨ ਝੀਂਡਾ ਵੱਲੋਂ ਜੋ ਸਬ ਕਮੇਟੀਆਂ ਅਤੇ ਚੇਅਰਮੈਨੀਆਂ ਰੱਦ ਕੀਤੀਆਂ ਗਈਆਂ ਹਨ ਉਹ ਗੁੰਮਰਾਹਕੁੰਨ ਅਤੇ ਭੁਲੇਖਾ ਪਾਊ ਕਾਰਵਾਈ ਹੈ।
ਉਨ੍ਹਾਂ ਦੱਸਿਆ ਕਿ ਜੋ ਵੱਖ-ਵੱਖ ਵਿਭਾਗਾਂ ਦੇ ਚੇਅਰਮੈਨ ਬਣਾਏ ਗਏ ਸਨ ਉਹ ਬਕਾਇਦਾ ਅੰਤ੍ਰਿੰਗ ਕਮੇਟੀ ਵਿੱਚ ਬਹੁਮੱਤ ਨਾਲ 10 ਮੈਂਬਰਾਂ ਨੇ ਦਸਤਖ਼ਤ ਕਰਕੇ ਮਤਾ ਪਾਸ ਕੀਤਾ ਸੀ ਪਰ ਜੋ ਉਨ੍ਹਾਂ ਚੇਅਰਮੈਨਾਂ ਦੇ ਹੇਠਾਂ ਆਪਣੇ ਲੋਕਲ ਰਿਸ਼ਤੇਦਾਰ ਜਾਂ ਪਾਰਟੀ ਦੇ ਬੰਦੇ ਪਾ ਕੇ ਸਬ-ਕਮੇਟੀਆਂ ਬਣਾਈਆਂ ਸਨ ਉਹ ਪ੍ਰਧਾਨ ਝੀਂਡਾ ਨੇ ਇਕੱਲੇ ਤੌਰ ’ਤੇ ਆਪਣੀ ਮਨਮਰਜ਼ੀ ਨਾਲ ਬਣਾਈਆਂ ਸਨ।
ਸੰਗਤ ਵੱਲੋਂ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਅ ਰਿਹਾ ਹਾਂ: ਝੀਂਡਾ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਉਹ ਗੁਰਦੁਆਰਾ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਲਈ ਕੋਈ ਵੀ ਫ਼ੈਸਲਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਸਬ-ਕਮੇਟੀਆਂ ਅਤੇ ਚੇਅਰਮੈਨੀਆਂ ਉਨ੍ਹਾਂ ਵੱਲੋਂ ਭੰਗ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾ ਸਕਦਾ ਹੈ ਕਿਉਂਕਿ ਅਦਾਲਤ ਦੇ ਦਰਵਾਜ਼ੇ ਸਭ ਲਈ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਉਹ ਸੰਗਤ ਨੂੰ ਜਵਾਬਦੇਹ ਹਨ ਜਿਸ ਨੇ ਉਨ੍ਹਾਂ ਨੂੰ ਗੁਰਦੁਆਰਾ ਪ੍ਰਬੰਧ ਦੀ ਜ਼ਿੰਮੇਵਾਰੀ ਸੌਂਪੀ ਹੈ ਅਤੇ ਉਹ ਉਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਅ ਰਹੇ ਹਨ।