ਪਿਛਲੇ ਤਿੰਨ ਸਾਲਾਂ ਤੋਂ ਸੂਬਾ ਅਤੇ ਕੇਂਦਰ ਸਰਕਾਰ ਵੱਲੋਂ ਦਰਜਨਾਂ ਵਾਰ ਕੀਤੇ ਦਾਅਵਿਆਂ ਦੇ ਬਾਵਜੂਦ ਅੱਜ ਤੱਕ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਤੋਂ ਕਿਸੇ ਜਹਾਜ਼ ਨੇ ਉਡਾਣ ਨਹੀਂ ਭਰੀ ਤੇ ਹੌਲੀ-ਹੌਲੀ ਕੌਮਾਂਤਰੀ ਹਵਾਈ ਅੱਡੇ ਨੂੰ ਲੁਧਿਆਣਾ-ਬਠਿੰਡਾ ਰਾਜ ਮਾਰਗ ਨਾਲ ਜੋੜਦੀ ਸਾਢੇ ਤਿੰਨ ਕਿੱਲੋਮੀਟਰ ਲੰਬੀ ਸੰਪਰਕ ਸੜਕ ਨੂੰ ਸੇਮ ਨਾਲੇ ਕੰਢੇ ਖੜ੍ਹੇ ਦਰੱਖ਼ਤਾਂ ਅਤੇ ਝਾੜੀਆਂ ਨੇ ਘੇਰ ਲਿਆ ਹੈ। ਬਰਸਾਤ ਕਾਰਨ ਵੱਡੀ ਗਿਣਤੀ ਦਰੱਖ਼ਤ ਸੜਕ ਵੱਲ ਝੁਕ ਗਏ ਹਨ ਤੇ ਇਸ ਦੇ ਨਾਲ ਹੀ ਸੜਕ ਕੰਢੇ ਲੱਗੀਆਂ ਝਾੜੀਆਂ ਤੇ ਸਰਕੰਡਿਆਂ ਨੇ ਵੀ ਸੜਕ ਦਾ ਅੱਧਾ ਹਿੱਸਾ ਮੱਲ ਲਿਆ ਹੈ।
ਪਿੰਡ ਐਤੀਆਣਾ ਵਾਸੀ ਸਮਾਜਸੇਵੀ ਜਗਰਾਜ ਸਿੰਘ ਨੇ ਦੱਸਿਆ ਕਿ ਸੜਕ ’ਤੇ ਡਿੱਗਿਆ ਇਕ ਦਰੱਖ਼ਤ ਤਾਂ ਪਿੰਡ ਵਾਸੀਆਂ ਨੇ ਧੂਹ ਕੇ ਪਾਸੇ ਕਰ ਦਿੱਤਾ, ਪਰ ਹਾਲੇ ਵੀ ਕਈ ਦਰਖ਼ਤ ਰਾਹਗੀਰਾਂ ਲਈ ਸਿਰਦਰਦੀ ਪੈਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਲ 2018 ਵਿੱਚ ਪਿੰਡ ਐਤੀਆਣਾ ਵਾਸੀਆਂ ਨੂੰ ਸਬਜ਼ਬਾਗ ਦਿਖਾ ਕੇ 162 ਏਕੜ ਜ਼ਮੀਨ ਤਾਂ ਹਾਸਲ ਕਰ ਲਈ ਗਈ ਸੀ, ਪਰ ਸੱਤ ਸਾਲਾਂ ਬਾਅਦ ਵੀ ਇਥੋਂ ਜਹਾਜ਼ ਉੱਡਦਾ ਦੇਖਣ ਲਈ ਲੋਕ ਤਰਸ ਰਹੇ ਹਨ।
ਸੜਕ ਸਾਫ਼ ਕਰਵਾਉਣ ਲਈ ਕਾਰਵਾਈ ਕੀਤੀ ਜਾਵੇਗੀ: ਕਾਰਜਕਾਰੀ ਇੰਜਨੀਅਰ
ਹਵਾਈ ਅੱਡੇ ਦੇ ਸਿਵਲ ਟਰਮੀਨਲ ਦੀ ਉਸਾਰੀ ਦੀ ਨਿਗਰਾਨੀ ਕਰਨ ਵਾਲੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਇਹ ਸੰਪਰਕ ਮਾਰਗ ਭਾਵੇਂ ਉਨ੍ਹਾਂ ਦੀ ਨਿਗਰਾਨੀ ਹੇਠ ਨਹੀਂ ਹੈ ਪਰ ਉਹ ਮੰਡੀਕਰਨ ਬੋਰਡ ਦੇ ਹਮਰੁਤਬਾ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰ ਕੇ ਇਸ ਦੇ ਹੱਲ ਲਈ ਕਾਰਵਾਈ ਕਰਨਗੇ।