ਇਥੇ ਲੁਧਿਆਣਾ-ਬਠਿੰਡਾ ਰਾਜਮਾਰਗ ’ਤੇ ਐੱਚਪੀ ਪੈਟਰੋਲ ਪੰਪ ਦੇ ਬਿਲਕੁਲ ਕੋਲ ਬੀਤੀ ਰਾਤ ਅੱਧੀ ਦਰਜਨ ਤੋਂ ਵਧੇਰੇ ਹਰੇ ਦਰੱਖ਼ਤਾਂ ਨੂੰ ਵਿਚਕਾਰੋਂ ਵੱਢ ਕੇ ਖੁਰਦ ਬੁਰਦ ਕਰ ਦਿੱਤਾ ਗਿਆ। ਸੜਕ ਕੰਡਿਓਂ ਇਉਂ ਦਰੱਖਤ ਵੱਢੇ ਜਾਣ ਦੀ ਘਟਨਾ ਦਾ ਪਤਾ ਲੱਗਣ ’ਤੇ ਵਾਤਾਵਰਨ ਪ੍ਰੇਮੀ ਸ਼ੀਤਲ ਪ੍ਰਕਾਸ਼ ਪਹੁੰਚੇ ਅਤੇ ਉਨ੍ਹਾਂ ਇਸ ਘਟਨਾ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਤੁਰੰਤ ਇਹ ਮਸਲਾ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ।
ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਜੰਗਲਾਤ ਵਿਭਾਗ ਤੋਂ ਬਲਾਕ ਅਫ਼ਸਰ ਹਰਨੀਤ ਕੌਰ, ਪਰਗਟ ਸਿੰਘ, ਦਵਿੰਦਰ ਕੌਰ ਤੇ ਟੀਮ ਨੇ ਵੱਢੇ ਗਏ ਦਰਖਤਾਂ ਦੀ ਗਿਣਤੀ ਕਰਨ ਤੋਂ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ। ਉਕਤ ਟੀਮ ਜਦੋਂ ਸੀਸੀਟੀਵੀ ਕੈਮਰੇ ਦੇਖਣ ਲਈ ਪੈਟਰੋਲ ਪੰਪ ’ਤੇ ਗਈ ਤਾਂ ਹਾਜ਼ਰ ਮੈਨੇਜਰ ਨੇ ਪਾਸਵਰਡ ਮਾਲਕਾਂ ਕੋਲ ਹੋਣ ਦਾ ਹਵਾਲਾ ਦੇ ਦਿੱਤਾ ਅਤੇ ਪੁੱਛੇ ਜਾਣ ’ਤੇ ਦਰਖਤਾਂ ਨੂੰ ਵੱਢੇ ਜਾਣ ਪ੍ਰਤੀ ਅਗਿਆਨਤਾ ਪ੍ਰਗਟਾਈ। ਦਰੱਖ਼ਤਾਂ ਨੂੰ ਵੱਢੇ ਜਾਣ ਸਬੰਧੀ ਸ਼ਿਕਾਇਤ ਥਾਣਾ ਸੁਧਾਰ ਵਿੱਚ ਦਰਜ ਕਰਵਾਈ ਗਈ ਹੈ।
ਪੰਪ ਮਾਲਕ ਗੁਰਪ੍ਰੀਤ ਸਿੰਘ ਬੇਦੀ ਨੇ ਦਰੱਖ਼ਤ ਵੱਢਣ ਤੋਂ ਇਨਕਾਰ ਕੀਤਾ। ਜ਼ਿਲ੍ਹਾ ਜੰਗਲਾਤ ਅਫ਼ਸਰ ਰਾਜੇਸ਼ ਕੁਮਾਰ ਗੁਲਾਟੀ ਨੇ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਥਾਣਾ ਸੁਧਾਰ ਮੁਖੀ ਸਬ ਇੰਸਪੈਕਟਰ ਗੁਰਦੀਪ ਸਿੰਘ ਨੇ ਕਿਹਾ ਕਿ ਵਿਭਾਗੀ ਸ਼ਿਕਾਇਤ ਮਿਲਣ ਮਗਰੋਂ ਕਾਰਵਾਈ ਕੀਤੀ ਜਾਵੇਗੀ।