ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਨੇ ਓਵਰਆਲ ਟਰਾਫੀ ਜਿੱਤੀ
ਮੈਟ੍ਰਿਕਸ-2025 ਵਿੱਚ 21 ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ
ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਤਕਨਾਲੋਜੀ ਜੀ ਜੀ ਐੱਨ ਆਈ ਐੱਮ ਟੀ ਵਿੱਚ ਸਰਦਾਰ ਜੀਤ ਸਿੰਘ ਚਾਵਲਾ ਮੈਮੋਰੀਅਲ ਇੰਟਰ-ਸਕੂਲ ਕਲਚਰਲ ਫੈਸਟੀਵਲ- ਮੈਟ੍ਰਿਕਸ-2025 ਕਰਵਾਇਆ ਗਿਆ। ਇਸ ਸਮਾਗਮ ਵਿੱਚ ਸ਼ਹਿਰ ਦੇ 21 ਸਕੂਲਾਂ ਦੇ 600 ਤੋਂ ਵੱਧ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਦਿਨ ਭਰ ਚੱਲੇ ਇਸ ਸਮਾਗਮ ਵਿੱਚ ਵੱਖ ਵੱਖ ਮੁਕਾਬਲੇ ਕਰਵਾਏ ਗਏ। ਸਮਾਗਮ ਵਿੱਚ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅੇਸਪੀ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੇ ਰੰਗੋਲੀ, ਮਹਿੰਦੀ, ਗਰੁੱਪ ਡਾਂਸ, ਲੋਕ ਗੀਤ, ਸਲਾਦ ਮੇਕਿੰਗ, ਫੇਸ ਪੇਂਟਿੰਗ, ਲੇਖ ਲਿਖਣ, ਕਾਰਟੂਨਿੰਗ, ਪੋਸਟਰ ਬਣਾਉਣ ਆਦਿ ਦੇ ਮੁਕਾਬਲੇ ਖਿੱਚ ਦਾ ਕੇਂਦਰ ਰਹੇ। ਸਾਰੇ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਮੁਜ਼ਾਹਰਾ ਕਰਦਿਆਂ ਇੱਕ-ਦੂਜੇ ਨੂੰ ਤਕੜੀ ਟੱਕਰ ਦਿੱਤੀ। ਇਨ੍ਹਾਂ ਮੁਕਾਬਲਿਆਂ ਦੀ ਓਵਰਆਲ ਟਰਾਫੀ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ, ਮਾਡਲ ਟਾਊਨ ਨੇ ਜਿੱਤੀ ਜਦੋਂ ਕਿ ਆਤਮ ਦੇਵਕੀ ਨਿਕੇਤਨ ਸਕੂਲ ਦੂਜੇ ਸਥਾਨ ’ਤੇ ਰਿਹਾ। ਕਾਲਜ ਦੇ ਡਾਇਰੈਕਟਰ ਪ੍ਰੋ. ਮਨਜੀਤ ਸਿਘ ਛਾਬੜਾ ਨੇ ਜਿੱਥੇ ਵੱਖ ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਉੱਥੇ ਜਿੱਤਾਂ ਦਰਜ ਕਰਨ ਵਾਲਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਪਲੇਟਫਾਰਮ ਨੌਜਵਾਨਾਂ ਨੂੰ ਆਪਣੇ ਅੰਦਰ ਲੁਕੀ ਕਲਾ ਨੂੰ ਉਭਾਰਨ ਦਾ ਕੰਮ ਕਰਦੇ ਹਨ। ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਮੈਟ੍ਰਿਕਸ-2025 ਨੂੰ ਇੱਕ ਵੱਡੀ ਸਫਲਤਾ ਬਣਾਉਣ ਲਈ ਵਿਦਿਆਰਥੀਆਂ ਅਤੇ ਫੈਕਲਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਵਿਲੱਖਣ ਪ੍ਰਤਿਭਾ ਨੂੰ ਪਛਾਣਨ ਅਤੇ ਕਈ ਖੇਤਰਾਂ ਵਿੱਚ ਸੰਪੂਰਨ ਵਿਕਾਸ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ।