ਇਥੋਂ ਦੇ ਜੀ.ਟੀ ਰੋਡ ਭੱਟੀਆਂ ਸਥਿਤ ਰਾਮਗੜ੍ਹੀਆ ਭਵਨ ਵਿਖੇ ਅੱਸੂ ਮਹੀਨੇ ਦੀ ਸੰਗਰਾਂਦ ਅਤੇ ਗੁਰੂ ਨਾਨਕ ਦੇਵ ਦਾ ਜੋਤੀ ਜੋਤ ਦਿਹਾੜਾ ਬੜੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਸਹਿਜ ਪਾਠ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਭਾਈ ਬੇਅੰਤ ਸਿੰਘ ਅਤੇ ਭਾਈ ਕਰਨੈਲ ਸਿੰਘ ਦੇ ਜਥੇ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨਾਲ ਗੁਰਮਤਿ ਵਿਚਾਰ ਸਾਂਝੇ ਕੀਤੇ। ਇਸ ਮੌਕੇ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਦੇ ਚੇਅਰਮੈਨ ਪੁਸ਼ਕਰਰਾਜ ਸਿੰਘ ਰੂਪਰਾਏ ਅਤੇ ਭੁਪਿੰਦਰ ਸਿੰਘ ਸੌਂਦ ਨੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਰਾਮਗੜ੍ਹੀਆ ਕਮਿਊਨਿਟੀ ਸੈਂਟਰ ਦੇ ਚੱਲ ਰਹੇ ਨਿਰਮਾਣ ਕਾਰਜਾਂ ਸਬੰਧੀ ਜਾਣਕਾਰੀ ਦਿੱਤੀ। ਮੁੱਖ ਗ੍ਰੰਥੀ ਭਾਈ ਜਗਜੀਤ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।
ਇਸੇ ਤਰ੍ਹਾਂ ਇਥੋਂ ਦੇਲਲਹੇੜੀ ਰੋਡ ਸਥਿਤ ਗੁਰਦੁਆਰਾ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਵਿੱਚ ਸਵੇਰੇ ਨਿਤਨੇਮ ਦੀਆਂ ਬਾਣੀਆਂ ਤੇ ਸੁਖਮਨੀ ਸਾਹਿਬ ਦੇ ਸੰਗਤ ਰੂਪ ਵਿਚ ਪਾਠਾਂ ਦੇ ਭੋਗ ਪਾਉਣ ਮਗਰੋਂ ਸਹਿਜ ਪਾਠ ਦੇ ਭੋਗ ਪਾਏ ਗਏ। ਹਜ਼ੂਰੀ ਰਾਗੀ ਭਾਈ ਪਰਮਜੀਤ ਸਿੰਘ ਨੇ ਜਥੇ ਨੇ ਕੀਰਤਨ ਤੇ ਬਾਰਾਮਾਹ ਦੀ ਕਥਾ ਵਖਿਆਨ ਕੀਤਾ। ਪ੍ਰਧਾਨ ਕਰਮਜੀਤ ਸਿੰਘ ਨੇ ਸੰਗਤ ਨੂੰ ਗੁਰੂ ਸਾਹਿਬਾਨਾਂ ਵੱਲੋਂ ਪਾਏ ਪੂਰਨਿਆਂ ’ਤੇ ਚੱਲਣ ਲਈ ਪ੍ਰੇਰਿਆ।