ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 4 ਜੁਲਾਈ
ਇੱਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਦੇ ਵਿਦਿਆਰਥੀਆਂ ਨੇ ਯੂਥ ਲੀਡਰਸ਼ਿਪ ਕੈਂਪ ਵਿੱਚ ਹਿੱਸਾ ਲੈ ਕੇ ਸਰਵੋਤਮ ਵਾਲੰਟੀਅਰਾਂ ਦਾ ਇਨਾਮ ਹਾਸਲ ਕਰ ਕੇ ਕਾਲਜ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸਬੰਧੀ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਦੱਸਿਆ ਕਿ ਡਾ. ਲਵਲੀਨ ਬੈਂਸ ਦੀ ਅਗਵਾਈ ਹੇਠ ਕਾਲਜ ਦੇ ਪੰਜ ਵਿਦਿਆਰਥੀਆਂ ਨਵਨੀਤ ਕੌਰ, ਰੋਹਿਤ ਕੁਮਾਰ, ਯੁਵਰਾਜ ਸਿੰਘ, ਪ੍ਰਿਯੰਕਾ ਅਤੇ ਅਮਨਦੀਪ ਸਿੰਘ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੁਵਕ ਭਲਾਈ ਵਿਭਾਗ ਵੱਲੋਂ ਕਰਵਾਏ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਵਿੱਚ ਹਿੱਸਾ ਲਿਆ। ਇਸ ਕੈਂਪ ਦੌਰਾਨ ਵੱਖ-ਵੱਖ ਸਰੀਰਕ, ਅਕਾਦਮਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਚੰਗਾ ਪ੍ਰਦਰਸ਼ਨ ਕਰਦਿਆਂ ਵਿਦਿਆਰਥਣ ਨਵਨੀਤ ਕੌਰ ਨੇ ਦੂਜਾ ਰਨਰਅੱਪ ਅਤੇ ਰੋਹਿਤ ਕੁਮਾਰ ਨੇ ਰੰਗਮੰਚੀ ਪੇਸ਼ਕਾਰੀ ਤੇ ਸੰਚਾਰ ਯੋਗਤਾ ਦੇ ਹੁਨਰ ਨੂੰ ਉਜਾਗਰ ਕਰ ਕੇ ‘ਸਰਵੋਤਮ ਸਟੇਜ ਪ੍ਰਦਰਸ਼ਨ ਪੁਰਸਕਾਰ’ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਸੁਖਜਿੰਦਰ ਸਿੰਘ ਅਤੇ ਡਾ. ਤੇਜਿੰਦਰ ਸਿੰਘ ਦੀ ਅਗਵਾਈ ਹੇਠ ਇਸ ਕੈਂਪ ਵਿੱਚ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਐਡਮਿਨਿਸਟ੍ਰੇਟਿਵ ਅਫ਼ਸਰ ਵਜੋਂ ਮਹੱਤਵਪੂਰਨ ਭੂਮਿਕਾ ਨਿਭਾਈ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਡਾ. ਪਵਿੱਤਰਪਾਲ ਸਿੰਘ ਪਾਂਗਲੀ, ਪ੍ਰੋ. ਦੀਪਾਲੀ ਤੇ ਪ੍ਰੋ. ਹਿਨਾ ਰਾਣੀ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਹੋਰ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਦੇ ਨਾਲ-ਨਾਲ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।