ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ, ਗਿੱਲ ਪਾਰਕ, ਲੁਧਿਆਣਾ ਨੇ ਪਲੈਟੀਨਮ ਜੁਬਲੀ ਜਸ਼ਨਾਂ ਦੇ ਹਿੱਸੇ ਵਜੋਂ ਕਾਸਮਿਕ ਕਲੱਬ ਅਤੇ ਆਈਟੀਅਨ ਕਲੱਬ ਦੇ ਸਾਂਝੇ ਉਪਰਾਲੇ ਸਦਕਾ ਕੌਮੀ ਪੱਧਰ ਦਾ 24-ਘੰਟੇ ਹੈਕਾਥਨ-ਹੈਕਨਾਟਸ 2025 ਕਰਵਾਇਆ। ਇਸ ਮੁਕਾਬਲੇ ਵਿੱਚ ਭਾਗੀਦਾਰ ਟੀਮਾਂ ਨੂੰ ਕੰਪਿਊਟਰ ਕੋਡਿੰਗ ਟਾਸਕ ਦਿੱਤਾ ਜਾਂਦਾ ਹੈ। ਇਸ ਵਿੱਚ ਦੇਸ਼ ਵਿੱਚੋਂ ਲਗਪਗ 60 ਟੀਮਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ।
ਸਮਾਗਮ ਦਾ ਉਦਘਾਟਨ ਅਪਲਾਈਡ ਸਾਇੰਸਿਜ਼ ਦੇ ਮੁਖੀ ਡਾ. ਹਰਪ੍ਰੀਤ ਕੌਰ ਗਰੇਵਾਲ ਨੇ ਕੀਤਾ। ਇਸ ਤੋਂ ਬਾਅਦ ਆਈ ਟੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਅਮਿਤ ਕਾਮਰਾ ਅਤੇ ਆਈ ਟੀ ਦੇ ਮੁਖੀ ਡਾ. ਕੁਲਵਿੰਦਰ ਸਿੰਘ ਮਾਨ ਆਦਿ ਨੇ ਸਭ ਭਾਗੀਦਾਰਾਂ ਨੂੰ ਸੰਬੋਧਨ ਕੀਤਾ। ਜੀ ਐੱਨ ਡੀ ਈ ਸੀ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਨਵੀਨਤਾ ਨੂੰ ਅਪਣਾ ਕੇ ਭਵਿੱਖ ਦੀਆਂ ਤਕਨਾਲੋਜੀਆਂ ਵਿੱਚ ਅਰਥਪੂਰਨ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ।
ਇਸ ਦੌਰਾਨ ਗੌਰਵ ਗੁਪਤਾ (ਟੈਕਕੈਡ) ਵੱਲੋਂ ਇੱਕ ਵਿਸ਼ੇਸ਼ ਸੈਸ਼ਨ ਵਿੱਚ ਏ ਆਈ ਰੋਬੋਟ ਡੌਗ ਚੀਚੀ ਦਾ ਪ੍ਰਦਰਸ਼ਨ ਕੀਤਾ ਗਿਆ। ਇਸਦੇ ਨਾਲ-2 ਪਹਿਲੇ ਪੰਜਾਬੀ ਕੋਡਿੰਗ ਕੰਟੈਂਟ ਕ੍ਰੀਏਟਰ ਮਨਿੰਦਰ ਸਿੰਘ (ਸਿਰਾਕੋਡਰ) ਨੇ ਵੀ ਇੱਕ ਪ੍ਰੇਰਨਾਦਾਇਕ ਭਾਸ਼ਣ ਦਿੱਤਾ। ਇਸ ਉਪਰੰਤ ਕਾਲਜ ਪ੍ਰਬੰਧਨ ਵੱਲੋਂ ਮਹਿਮਾਨਾਂ ਅਤੇ ਸਪਾਂਸਰਾਂ ਨੂੰ ਸਨਮਾਨਿਤ ਵੀ ਕੀਤਾ। ਜੀ ਐੱਨ ਡੀ ਈ ਸੀ ਦੀ ਹੈਕਸਟ੍ਰੀਟ ਬੁਆਏਜ਼ ਟੀਮ ਨੇ ਕੈਂਪਸ ਐਡੀਸ਼ਨ 3000 ਦਾ ਇਨਾਮ ਜਿੱਤਿਆ। ਕਾਲਜ ਦੇ 2025 ਬੈਚ ਦੇ ਸਾਬਕਾ ਵਿਦਿਆਰਥੀ, ਸਲਾਹਕਾਰ, ਕਮਿਊਨਿਟੀ ਪਾਰਟਨਰਾਂ ਅਤੇ ਈਵੈਂਟ ਸਪਾਂਸਰਾਂ ਜਿਨ੍ਹਾਂ ਵਿਚ ਗੁਰਟੌਇਜ਼, ਮੈਕ ਅਤੇ ਆਈਕੇਆਈਜੀਏਆਈ ਸ਼ਾਮਲ ਸਨ, ਨੇ ਮੁਕਾਬਲੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਅਹਿਮ ਸਹਿਯੋਗ ਦਿੱਤਾ। ਸਮਾਪਤੀ ਸਮਾਰੋਹ ਵਿੱਚ ਇੰਜ. ਵਿਪਿਨ ਸਹਿਗਲ ਅਤੇ ਸ਼ਾਨ ਵਤਸ ਵੱਲੋਂ ਵੀ ਵਿਚਾਰ ਸਾਂਝੇ ਕੀਤੇ ਗਏ।

