ਨਿੱਜੀ ਪੱਤਰ ਪ੍ਰੇਰਕ
ਖੰਨਾ, 28 ਜੂਨ
ਇਥੋਂ ਦੇ ਗੁਰਦੁਆਰਾ ਕਲਗੀਧਰ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਅਰਜਨ ਦੇਵ ਧਰਮ ਪ੍ਰਚਾਰ ਟਰੱਸਟ ਪਿੰਡ ਸਲੌਦੀ ਸਿੰਘਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਵਿੰਦਰ ਸਿੰਘ ਖੱਟੜਾ ਦੇ ਸਹਿਯੋਗ ਨਾਲ 10 ਰੋਜ਼ਾ ਗੁਰਮਤਿ ਗਿਆਨ ਸਿਖਲਾਈ ਕੈਂਪ ਲਾਇਆ ਗਿਆ ਜਿਸ ਵਿਚ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਕੈਂਪ ਦੇ ਅੱਜ ਆਖਰੀ ਦਿਨ ਵਿਸ਼ੇਸ਼ ਗੁਰਮਤਿ ਸਮਾਗਮ ਹੋਇਆ ਜਿਸ ਵਿਚ ਬੱਚਿਆਂ ਨੇ ਦੀਵਾਨਾਂ ਵਿੱਚ ਰਹਿਰਾਸ ਸਾਹਿਬ ਦੇ ਜਾਪ, ਆਰਤੀ, ਕੀਰਤਨ ਦੀ ਹਾਜ਼ਰੀ, ਅਰਦਾਸ ਅਤੇ ਹੁਕਮਨਾਮਾ ਲਿਆ।
ਇਸ ਦੌਰਾਨ ਬੱਚਿਆਂ ਦੀ ਲਿਖਤੀ ਧਾਰਮਿਕ ਪ੍ਰੀਖਿਆ ਲਈ ਗਈ ਜਿਸ ਵਿਚ 3 ਤੋਂ 20 ਸਾਲ ਉਮਰ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ। ਕੈਂਪ ਸੰਚਾਲਕ ਡਾਇਰੈਕਟਰ ਸੁਖਵਿੰਦਰ ਸਿੰਘ ਸਲੌਦੀ, ਸੁਖਬੀਰ ਸਿੰਘ ਆਹਲੂਵਾਲੀਆ, ਧਾਰਮਿਕ ਅਧਿਆਪਕ ਬੀਬੀ ਰਾਜਿੰਦਰ ਕੌਰ, ਬੀਬੀ ਰਜ਼ਨੀ ਸੇਹ ਅਤੇ ਮਨਪ੍ਰੀਤ ਕੌਰ ਨੇ ਬੱਚਿਆਂ ਨੂੰ ਗੁਰਮਤਿ ਗਿਆਨ ਸਿਖਲਾਈ ਦਿੱਤੀ। ਬੱਚਿਆਂ ਨੂੰ ਦਸਤਾਰਾਂ ਅਤੇ ਦੁਮਾਲੇ ਦੀ ਸਿਖਲਾਈ ਭਾਈ ਬਿਕਰਮਜੀਤ ਸਿੰਘ ਅਤੇ ਹਰਮਨ ਸਿੰਘ ਨੇ ਸੋਹਣੀ ਦਸਤਾਰ ਬੰਨਣੀ ਸਿਖਾਈ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਲਖਾਈ ਕੈਂਪ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਗੁਰਮੁੱਖੀ ਵਿਚ ਲਿਖੀਆਂ ਫੱਟੀਆਂ, ਕਾਪੀਆਂ, ਪੈਨ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਭਾਈ ਸਤਨਾਮ ਸਿੰਘ ਖਾਲਸਾ ਕਥਾ ਵਾਚਕ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨੇ ਕਿਹਾ ਕਿ ਗੁਰਬਾਣੀ ਜੀਵਨ ਜਾਂਚ ਹੈ। ਸਾਨੂੰ ਗੁਰਬਾਣੀ ਦੇ ਦੱਸੇ ਰਾਹ ਤੇ ਚੱਲ ਕੇ ਆਪਣੀ ਜੀਵਨ ਚੰਗਾ ਬਣਾਉਣਾ ਚਾਹੀਦਾ ਹੈ। ਪ੍ਰਧਾਨ ਰੁਪਿੰਦਰ ਸਿੰਘ ਰਾਜਾਗਿੱਲ ਨੇ ਬੱਚਿਆਂ ਦੀ ਹੌਂਸਲਾ ਅਫਜਾਈ ਕਰਦਿਆਂ ਕਿਹਾ ਕਿ ਅਜਿਹੇ ਗੁਰਮਤਿ ਗਿਆਨ ਸਿਖਲਾਈ ਕੈਂਪ ਵੱਖ ਵੱਖ ਪਿੰਡਾਂ ਸ਼ਹਿਰਾਂ ਵਿਚ ਲੱਗਣੇ ਚਾਹੀਦੇ ਹਨ ਤਾਂ ਜੋ ਬੱਚਿਆਂ ਨੂੰ ਛੋਟੀ ਉਮਰ ਵਿਚ ਹੀ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ, ਗੁਰ ਇਤਿਹਾਸ ਤੇ ਗੁਰਬਾਣੀ ਦਾ ਸ਼ੁੱਧ ਉਚਾਰਣ ਦਾ ਗਿਆਨ ਪ੍ਰਾਪਤ ਹੋ ਸਕੇ ਅਤੇ ਬੱਚੇ ਮਾੜੀਆਂ ਅਲਾਮਤਾਂ ਤੋਂ ਦੂਰ ਰਹਿਣ। ਸੈਕਟਰੀ ਅਵਤਾਰ ਸਿੰਘ ਕੈਂਥ ਅਤੇ ਕਸ਼ਮੀਰ ਸਿੰਘ ਖਾਲਸਾ ਨੇ ਬੱਚਿਆਂ ਅਤੇ ਆਈ ਸੰਗਤ ਨੂੰ ਵਧਾਈ ਦਿੰਦਿਆਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਨਸ਼ੇ ਤਿਆਗ ਕੇ ਆਪਣੇ ਗੌਰਵਮਈ ਇਤਿਹਾਸ ਨੂੰ ਸੰਭਾਲਣ ਅਤੇ ਨਵੀਂ ਪੀੜ੍ਹੀ ਲਈ ਪ੍ਰੇਰਣਾ ਬਨਣ। ਇਸ ਮੌਕੇ ਬਲਵਿੰਦਰ ਸਿੰਘ ਸੌਂਦ, ਨਵਤੇਜ ਸਿੰਘ ਖੱਟੜਾ, ਗੁਰਪ੍ਰੀਤ ਸਿੰਘ, ਰਵਿੰਦਰ ਸਿੰਘ, ਅਮਰਬੀਰ ਸਿੰਘ, ਕਰਮਜੀਤ ਕੌਰ, ਜਗਦੀਪ ਕੌਰ, ਸਿਮਰਨ ਕੌਰ, ਜਸਕਰਨ ਸਿੰਘ, ਮਨੀ ਬੱਗਾ, ਅਜੀਤ ਸਿੰਘ, ਕੰਵਲਜੀਤ ਸਿੰਘ, ਅਵਤਾਰ ਸਿੰਘ, ਰਾਹੁਲਵੀਰ ਸਿੰਘ, ਗੋਪਾਲ ਸਿੰਘ, ਗੁਰਵਿੰਦਰ ਸਿੰਘ, ਕੁਲਵੰਤ ਸਿੰਘ ਤੇ ਹੋਰ ਹਾਜ਼ਰ ਸਨ।