ਸ਼ਹੀਦੀ ਸ਼ਤਾਬਦੀ ਨੂੰ ਸਪਰਪਿਤ ਗੁਰਮਤਿ ਸਮਾਗਮ
ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੀ 350 ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਚ ਗੁਰਮਤਿ ਸਮਾਗਮ ਹੋਇਆ, ਜਿਸ ਵਿੱਚ ਸੰਗਤ ਨੇ ਵੱਧ ਚੜ੍ਹ ਕੇ...
ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੀ 350 ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਚ ਗੁਰਮਤਿ ਸਮਾਗਮ ਹੋਇਆ, ਜਿਸ ਵਿੱਚ ਸੰਗਤ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ਹੋਏ ਨਾਮ ਸਿਮਰਨ ਸਮਾਗਮ ਮੌਕੇ ਮੌਜੂਦਾ ਮੁਖੀ ਸੰਤ ਗਿਆਨੀ ਅਮੀਰ ਸਿੰਘ ਨੇ ਗੁਰੂ ਅਤੇ ਸਿੱਖ ਦੀ ਪ੍ਰੀਤ, ਵਿਸ਼ਵਾਸ਼, ਸ਼ਰਧਾ, ਭਾਵਨਾ ਤੇ ਦ੍ਰਿੜਤਾ ਆਦਿ ਵਿਸ਼ਿਆਂ ਤੇ ਗੁਰਬਾਣੀ ਦੇ ਹਵਾਲੇ ਦਿੰਦਿਆਂ ਕਿਹਾ ਕਿ ਗੁਰੂ ਸਾਹਿਬਾਨ ਨਾਲ ਸਬੰਧਿਤ ਸ਼ਤਾਬਦੀ ਅਤੇ ਭਗਤ ਸਾਹਿਬਾਨਾਂ ਦੇ ਪ੍ਰਕਾਸ਼ ਦਿਹਾੜੇ ਮਨਾਉਣ ਦੇ ਨਾਲ ਨਾਲ ਜੀਵਨ ਦਾ ਲੇਖਾ ਜੋਖਾ ਵੀ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਅੰਮ੍ਰਿਤ ਦਾ ਵਪਾਰੀ ਬਣਾਇਆ ਸੀ ਤੇ ਨਾਮ ਦਾ ਰਸ ਛਕਣ ਦੀ ਤਾਕੀਦ ਕੀਤੀ ਸੀ, ਪਰ ਅਸੀਂ ਕੁਝ ਹੋਰ ਹੀ ਪਾਸੇ ਤੁਰੇ ਜਾ ਰਹੇ ਹਾਂ। ਉਨ੍ਹਾਂ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸੰਗਤ ਨੂੰ ਵਧਾਈ ਵੀ ਦਿੱਤੀ। ਉਨ੍ਹਾਂ ਕਿਹਾ ਕਿ ਭਗਤ ਨਾਮਦੇਵ ਜੀ ਬਾਰ-ਬਾਰ ਜੀਵ ਨੂੰ ਸਿਮਰਨ ਕਰਨ ਲਈ ਪ੍ਰੇਰਦੇ ਹਨ ਕਿਉਂਕਿ ਨਾਮ ਸਿਮਰਨ ਰਾਹੀਂ ਹੀ ਜੀਵ ਭਵ ਸਾਗਰ ਤੋਂ ਪਾਰ ਹੋ ਸਕਦਾ ਹੈ।

