ਗੁਰਮਨ ਕੌਰ ਦਾ ਸ਼ਾਨਦਾਰ ਪ੍ਰਦਰਸ਼ਨ
ਸਮਰਾਲਾ: ਸੈਂਟੀਨਲ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਗੁਰਮਨ ਕੌਰ ਨੇ ਅੰਡਰ-14 ਸਟੇਟ ਅਥਲੈਟਿਕ ਚੈਂਪੀਅਨਸ਼ਿਪ ਵਿੱਚ 4×100 ਮੀਟਰ ਰਿਲੇਅ ਵਿੱਚ ਦੂਜਾ ਸਥਾਨ ਹਾਸਲ ਕੀਤਾ। ਇਹ ਅਥਲੈਟਿਕਸ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿੱਚ ਹੋਈ। ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਨੇ ਦੱਸਿਆ ਕਿ ਗੁਰਮਨ ਕੌਰ ਸਖਤ...
ਸਮਰਾਲਾ: ਸੈਂਟੀਨਲ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਗੁਰਮਨ ਕੌਰ ਨੇ ਅੰਡਰ-14 ਸਟੇਟ ਅਥਲੈਟਿਕ ਚੈਂਪੀਅਨਸ਼ਿਪ ਵਿੱਚ 4×100 ਮੀਟਰ ਰਿਲੇਅ ਵਿੱਚ ਦੂਜਾ ਸਥਾਨ ਹਾਸਲ ਕੀਤਾ। ਇਹ ਅਥਲੈਟਿਕਸ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿੱਚ ਹੋਈ। ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਨੇ ਦੱਸਿਆ ਕਿ ਗੁਰਮਨ ਕੌਰ ਸਖਤ ਮਿਹਨਤ ਤੇ ਲਗਨ ਨਾਲ 4×100 ਮੀਟਰ ਦੌੜ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ। ਰਿਲੇਅ ਰੇਸ ਵਿੱਚ ਉਸ ਦੀ ਟੀਮ ਨੇ ਤਕਨੀਕੀ ਤਰੀਕਿਆਂ ਨਾਲ ਸਭ ਤੋਂ ਅੱਗੇ ਰਹਿਣ ਦਾ ਕਮਾਲ ਕੀਤਾ। ਗੁਰਮਨ ਨੇ ਕਿਹਾ, “ਇਹ ਜਿੱਤ ਮੇਰੇ ਮਾਪਿਆਂ, ਅਧਿਆਪਕਾਂ ਅਤੇ ਸਕੂਲ ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਦੀ ਰਾਹਕਾਰੀ ਨਾਲ ਸੰਭਵ ਹੋਈ। ਉਨ੍ਹਾਂ ਨੇ ਹਮੇਸ਼ਾ ਮੈਨੂੰ ਖੇਡਾਂ ਅਤੇ ਪੜ੍ਹਾਈ ਵਿੱਚ ਸੰਤੁਲਨ ਬਣਾਉਣ ਲਈ ਪ੍ਰੇਰਿਤ ਕੀਤਾ।’’ ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਨੇ ਗੁਰਮਨ ਦੀ ਸਫਲਤਾ ’ਤੇ ਖੁਸ਼ੀ ਜ਼ਾਹਿਰ ਕੀਤੀ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਅਜਿਹੇ ਪਲੈਟਫਾਰਮ ਪ੍ਰਦਾਨ ਕਰਨ ਦਾ ਵਾਅਦਾ ਕੀਤਾ। -ਪੱਤਰ ਪ੍ਰੇਰਕ
ਗੁਰੂ ਨਾਨਕ ਕਾਲਜ ’ਚ ਵਰਕਸ਼ਾਪ
ਦੋਰਾਹਾ: ਇਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਵਿੱਚ ਅੱਜ ‘ਭੋਜਨ ਰਾਹੀਂ ਰੁਜ਼ਗਾਰ’ ਵਿਸ਼ੇ ’ਤੇ ਹੁਨਰ ਵਿਕਾਸ ਵਰਕਸ਼ਾਪ ਲਾਈ ਗਈ। ਇਸ ਵਿੱਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਕਾਫ਼ੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਵਰਕਸ਼ਾਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਫੂਡ ਕਰਾਫਟ ਸੈਂਟਰ ਮੋਗਾ ਦੇ ਸੰਸਥਾਪਕ ਜਸਪ੍ਰੀਤ ਕੌਰ ਕਾਲੜਾ ਨੇ ਵਿਦਿਆਰਥੀਆਂ ਨੂੰ ਭੋਜਨ ਪਦਾਰਥਾਂ ਰਾਹੀਂ ਰੁਜ਼ਗਾਰ ਕਮਾਉਣ ਦੇ ਸਾਧਨ ਵਿਕਸਤ ਕਰਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਕੇਕ ਬਣਾਉਣ ਦੀ ਵਿਧੀ ਸਿਖਾਈ। ਉਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ। ਮੰਚ ਸੰਚਾਲਨ ਡਾ. ਗੁਰਪ੍ਰੀਤ ਸਿੰਘ ਨੇ ਕੀਤਾ। ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਰੁਪਿੰਦਰ ਕੌਰ ਨੇ ਸਬੰਧਤ ਸਟਾਫ ਨੂੰ ਵਧਾਈ ਦਿੱਤੀ। ਇਸ ਮੌਕੇ ਡਾ. ਲਵਲੀਨ ਬੈਂਸ, ਪ੍ਰੋ. ਅਮਨਦੀਪ ਚੀਮਾ, ਡਾ. ਨਿਰਲੇਪ ਕੌਰ, ਪ੍ਰੋ. ਦੀਪਾਲੀ ਅਰੋੜਾ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਰੋਹਿਤ ਕੁਮਾਰ, ਹਿਨਾ ਰਾਣੀ, ਅਮਨਦੀਪ ਕੌਰ, ਕੁਲਵੰਤ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
ਡੇਂਗੂ ਬਾਰੇ ਜਾਗਰੂਕਤਾ ਤੇ ਜਾਂਚ ਕੈਂਪ
ਜਗਰਾਉਂ: ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਹਤਿੰਦਰ ਕੌਰ ਅਤੇ ਸਿਵਲ ਸਰਜਨ ਡਾ. ਰਮਨਦੀਪ ਕੌਰ ਦੀਆਂ ਸਖ਼ਤ ਹਦਾਇਤਾਂ ਦੇ ਮੱਦੇਨਜ਼ਰ ਇਲਾਕੇ ਦੀ ਪ੍ਰਮੁੱਖ ਵਿਭਾਗੀ ਸੰਸਥਾ ਸੀ ਐੱਚ ਸੀ ਹਠੂਰ ਵੱਲੋਂ ਆਪਣੇ ਅਧਿਕਾਰ ਖੇਤਰ ਵਿੱਚ ਡੇਂਗੂ ਤੋਂ ਬਚਾਅ ਅਤੇ ਸਮੇਂ ਸਿਰ ਇਲਾਜ ਸਬੰਧੀ ਜਾਗਰੂਕਤਾ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ। ਸੀਨੀਅਰ ਮੈਡੀਕਲ ਅਫਸਰ ਡਾ. ਅਮਨ ਸ਼ਰਮਾ ਨੇ ਦੱਸਿਆ ਕਿ ਹਠੂਰ ਬਲਾਕ ਦੀ ਟੀਮ ਵੱਲੋਂ ਬਲਾਕ ਦੇ ਕਰੀਬ ਅੱਠ ਪਿੰਡਾਂ ਵਿੱਚ ਡੇਂਗੂ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਹੈ। ਟੀਮ ਵੱਲੋਂ ਕਰੀਬ 376 ਲੋਕਾਂ ਦੇ ਸੈਂਪਲ ਲਏ ਗਏ। ਇਸ ਦੌਰਾਨ 300 ਦੇ ਕਰੀਬ ਉਨ੍ਹਾਂ ਘਰਾਂ ਦੀ ਸਨਾਸ਼ਤ ਕੀਤੀ ਗਈ, ਜਿੰਨ੍ਹਾਂ ਵਿੱਚ ਬੁਖ਼ਾਰ ਨਾਲ ਪੀੜਤ 15 ਮਰੀਜ਼ ਮਿਲੇ। -ਪੱਤਰ ਪ੍ਰੇਰਕ
ਕਾਲਜ ਵਿੱਚ ਐੱਨ ਐੱਸ ਐੱਸ ਕੈਂਪ
ਖੰਨਾ: ਇਥੋਂ ਏ ਐੱਸ ਕਾਲਜ ਫਾਰ ਵਿਮੈਨ ਵਿੱਚ ਚੱਲ ਰਹੇ ਐੱਨ ਐੱਸ ਐੱਸ ਕੈਂਪ ਦੇ 6ਵੇਂ ਦਿਨ ਪ੍ਰਿੰਸੀਪਲ ਰਣਜੀਤ ਕੌਰ ਦੀ ਅਗਵਾਈ ਹੇਠਾਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਕੈਂਪ ਦੇ ਪਹਿਲੇ ਸੈਸ਼ਨ ਵਿਚ ਓਸਵਾਲ ਕੈਂਸਰ ਹਸਪਤਾਲ ਲੁਧਿਆਣਾ ਤੋਂ ਡਾ. ਕੈਸ਼ਿਕ ਅਹੂਜਾ ਨੇ ‘ਸਟਰੈੱਸ ਮੈਨੇਜਮੈਂਟ’ ਵਿਸ਼ੇ ’ਤੇ ਲੈਕਚਰ ਦਿੱਤਾ ਜਿਸ ਦਾ ਉਦੇਸ਼ ਵਿਦਿਆਰਥੀਆਂ ਵਿਚ ਤਣਾਅ ਘਟਾਉਣ ਅਤੇ ਤਣਾਅ ਪ੍ਰਬੰਧਨ ਤੇ ਧਿਆਨ ਦੀ ਆਦਤ ਪੈਦਾ ਕਰਨੀ ਸੀ। ਡਾ. ਹਰਪ੍ਰੀਤ ਸਿੰਘ ਨੇ ‘ਵਾਤਾਵਰਨ ਸੰਭਾਲ’ ਵਿਸ਼ੇ ਤੇ ਗੱਲਬਾਤ ਕਰਦਿਆਂ ਵਿਦਿਆਰਥੀਆਂ ਵਿਚ ਵਾਤਾਵਰਨ ਸੁਰੱਖਿਆ ਦੀ ਲੋੜ ਅਤੇ ਤਰੀਕਿਆਂ ਸਬੰਧੀ ਜਾਣਕਾਰੀ ਦਿੱਤੀ। ਇਸ ਦੌਰਾਨ ਵਾਲੰਟੀਅਰਾਂ ਨੇ ‘ਐਂਟੀ ਡਰੱਗਜ਼’ ਵਿਸ਼ੇ ’ਤੇ ਮਾਡਲ ਟਾਊਨ ਸਲੱਮ ਏਰੀਆ ਵਿਚ ਜਾਗਰੂਕਤਾ ਰੈਲੀ ਕੱਢੀ। ਚੰਦਰਕਲਾ ਰਿੰਕੂ ਨੇ ‘ਧਿਆਨ ਅਤੇ ਯੋਗਾ ਅਭਿਆਸਾਂ ਦੀ ਭੂਮਿਕਾ’ ਵਿਸ਼ੇ ’ਤੇ ਜਾਣਕਾਰੀ ਦਿੱਤੀ। ਅਚਲਾ ਸ਼ਰਮਾ ਨੇ ‘ਵੈਦਿਕ ਮੈਥ’ ਵਿਸ਼ੇ ’ਤੇ ਗੱਲਬਾਤ ਕਰਦਿਆਂ ਵਾਲੰਟੀਅਰਾਂ ਨੂੰ ਆਉਣ ਵਾਲੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਤਿਆਰੀ ਕਰਨ ਸਬੰਧੀ ਨੁਕਤੇ ਸਾਂਝੇ ਕੀਤੇ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੀਵ ਧਮੀਜਾ, ਐਡਵੋਕੇਟ ਨਵੀਨ ਥੰਮਨ, ਰਾਜੇਸ਼ ਡਾਲੀ, ਜਤਿੰਦਰ ਦੇਵਗਨ, ਕਵਿਤਾ ਗੁਪਤਾ ਨੇ ਸ਼ਲਾਘਾ ਕੀਤੀ। -ਨਿੱਜੀ ਪੱਤਰ ਪ੍ਰੇਰਕ
ਸਿੱਧਵਾਂ ਕਾਲਜ ਨੂੰ ਵਾਧੂ ਸੀਟਾਂ ਦੀ ਪ੍ਰਵਾਨਗੀ
ਜਗਰਾਉਂ: ਨਜ਼ਦੀਕੀ ਜੀ ਐੱਚ ਜੀ ਇੰਸਟੀਚਿਊਟ ਆਫ ਲਾਅ ਸਿੱਧਵਾਂ ਖੁਰਦ ਬੀ ਏ ਐੱਲ ਐੱਲ ਬੀ (ਆਨਰਜ਼) ਪੰਜ ਸਾਲਾ ਏਕੀਕ੍ਰਿਤ ਕੋਰਸ ਵਿੱਚ 60 ਵਾਧੂ ਸੀਟਾਂ ਲਈ ਪ੍ਰਵਾਨਗੀ ਮਿਲੀ ਹੈ। ਇਸ ’ਤੇ ਟਰੱਸਟ, ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਨੇ ਖੁਸ਼ੀ ਪ੍ਰਗਟ ਕਰਦਿਆਂ ਬਾਰ ਕੌਂਸਲ ਆਫ ਇੰਡੀਆ ਨਵੀਂ ਦਿੱਲੀ, ਉੱਚ ਸਿੱਖਿਆ ਵਿਭਾਗ ਪੰਜਾਬ ਸਰਕਾਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਧੰਨਵਾਦ ਕੀਤਾ ਹੈ। ਇਸ ਪ੍ਰਵਾਨਗੀ ਨਾਲ ਬੀ ਏ ਐੱਲ ਐੱਲ ਬੀ (ਆਨਰਜ਼) ਕੋਰਸ ਦੀ ਕੁੱਲ ਦਾਖਲਾ ਸਮਰੱਥਾ 120 ਸੀਟਾਂ ਤਕ ਵਧਾ ਦਿੱਤੀ ਗਈ ਹੈ। ਵਿਦਿਆਰਥੀਆਂ ਨੂੰ ਕਾਲਜ ਕਾਨੂੰਨੀ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। -ਨਿੱਜੀ ਪੱਤਰ ਪ੍ਰੇਰਕ
ਫ਼ਲਾਂ ਦੀ ਕਾਸ਼ਤ ਬਾਰੇ ਵਰਕਸ਼ਾਪ
ਲੁਧਿਆਣਾ: ਨਿੰਬੂ ਜਾਤੀ ਦੇ ਬੂਟਿਆਂ ਨੂੰ ਲੱਗਣ ਵਾਲੀ ਗਰੀਨਿੰਗ ਨਾਂ ਦੀ ਬਿਮਾਰੀ ਅਤੇ ਫ਼ਲਾਂ ਦੀ ਕਾਸ਼ਤ ’ਤੇ ਇਸ ਦੇ ਪੈਣ ਵਾਲੇ ਪ੍ਰਭਾਵ ਦੇ ਮੱਦੇਨਜ਼ਰ ਪੀਏਯੂ ਦੇ ਫ਼ਲ ਵਿਗਿਆਨ ਵਿਭਾਗ ਵੱਲੋਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਦੀ ਅਗਵਾਈ ਵਿੱਚ ਇੱਕ-ਰੋਜ਼ਾ ਵਰਕਸ਼ਾਪ ਲਗਾਈ ਗਈ। ’ਵਰਸਿਟੀ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਮੁੱਖ ਮਹਿਮਾਨ, ਬਾਗਬਾਨੀ ਪੰਜਾਬ ਦੀ ਨਿਰਦੇਸ਼ਕ ਸ਼ਲਿੰਦਰ ਕੌਰ ਤੇ ਪੈਗਰੈਕਸਕੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਣਬੀਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ
ਕਿਸਾਨਾਂ ਨੂੰ ਸੁਸਾਇਟੀ ਤੋਂ ਮਿਲੇਗਾ ਤੇਲ
ਪਾਇਲ: ਦਿ ਜਰਗੜੀ ਸਹਿਕਾਰੀ ਖੇਤੀਬਾੜੀ ਸੁਸਾਇਟੀ ਦੇ ਪੰਪ ਤੋਂ ਹੁਣ ਇਲਾਕਾ ਵਾਸੀਆਂ ਨੂੰ ਤੇਲ ਦੀ ਸਹੂਲਤ ਮਿਲੇਗੀ। ਇਹ ਜਾਣਕਾਰੀ ਸਾਬਕਾ ਅਧਿਆਪਕ ਕੇਵਲ ਸਿੰਘ ਜਰਗੜੀ ਨੇ ਦਿੱਤੀ। ਉਨ੍ਹਾਂ ਪੈਟਰੋਲ ਪੰਪ ਲਈ 11 ਮਹਿਕਮਿਆਂ ਤੋਂ ਐੱਨ ਓ ਸੀ ਲੈਣ ’ਚ ਮਦਦ ਕਰਨ ਲਈ ਐੱਮ ਐੱਲ ਏ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਤੇ ਡੀ ਆਰ ਸਹਿਕਾਰੀ ਸਭਾਵਾਂ ਲੁਧਿਆਣਾ ਵਿਜੇਂਦਰ ਸੰਧੂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਦਲਜੀਤ ਕੌਰ, ਮੀਤ ਪ੍ਰਧਾਨ ਤਾਰਾ ਸਿੰਘ, ਬਲਵਿੰਦਰ ਸਿੰਘ, ਹਰਦੀਪ ਸਿੰਘ, ਗੁਰਜੀਤ ਸਿੰਘ ਤੇ ਸੁਖਵਿੰਦਰ ਸਿੰਘ ਦੀਵਾ ਹਾਜ਼ਰ ਸਨ। -ਪੱਤਰ ਪ੍ਰੇਰਕ
ਜੀ ਸੀ ਜੀ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਲੁਧਿਆਣਾ: ਸਰਕਾਰੀ ਕਾਲਜ (ਲੜਕੀਆਂ) ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕਰਵਾਈਆਂ ਆਨਰਜ਼ ਪ੍ਰੀਖਿਆਵਾਂ ਵਿੱਚ ਉੱਚ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਮਾਣ ਵਧਾਇਆ ਹੈ। ਹਿੰਦੀ ਆਨਰਜ਼ ਵਿੱਚ ਚੇਤਨਾ ਵਧਵਾ ਨੇ ਦੂਜਾ ਸਥਾਨ, ਚੰਚਲ ਨੇ ਚੌਥਾ ਸਥਾਨ ਅਤੇ ਬਿਮਲਾ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਅੰਗਰੇਜ਼ੀ ਆਨਰਜ਼ ਵਿੱਚ ਇਸ਼ੀਕਾ ਜੈਨ ਨੇ ਦੂਜਾ ਸਥਾਨ, ਇਤਿਹਾਸ ਆਨਰਜ਼ ਵਿੱਚ ਅਰਸ਼ਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅਰਥ ਸ਼ਾਸਤਰ ਆਨਰਜ਼ ਵਿੱਚ ਗੁਰਨੂਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਸੁਮਨ ਲਤਾ ਨੇ ਵਧਾਈ ਦਿੱਤੀ। -ਖੇਤਰੀ ਪ੍ਰਤੀਨਿਧ

