ਗੁਰਦੁਆਰਾ ਕਮੇਟੀ ਨੇ ਸਿੱਖ ਸੰਗਤ ਨੂੰ ਨਿਸ਼ਾਨ ਸਾਹਿਬ ਵੰਡੇ
ਅੱਜ ਤੋਂ ਘਰਾਂ ਤੇ ਵਪਾਰਕ ਅਦਾਰਿਆਂ ’ਤੇ ਲਹਿਰਾਏ ਜਾਣਗੇ ਕੇਸਰੀ ਨਿਸ਼ਾਨ
ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਿੱਖ ਸੰਗਤ ਨੂੰ 23 ਤੋਂ 29 ਨਵੰਬਰ ਤੱਕ ਆਪਣੇ ਘਰਾਂ ਅਤੇ ਵਪਾਰਕ ਅਦਾਰਿਆਂ ’ਤੇ ਕੇਸਰੀ ਨਿਸ਼ਾਨ ਸਾਹਿਬ ਲਗਾਉਣ ਦੀ ਕੀਤੀ ਅਪੀਲ ਤਹਿਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਸੰਗਤ ਲਈ ਨਿਸ਼ਾਨ ਸਾਹਿਬ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੈਂਕੜੇ ਦੀ ਗਿਣਤੀ ਵਿੱਚ ਨਿਸ਼ਾਨ ਸਾਹਿਬ ਵੰਡੇ ਗਏ ਤਾਂ ਜੋ ਸੰਗਤ ਆਪਣੇ ਘਰਾਂ ਅਤੇ ਵਪਾਰਕ ਅਦਾਰਿਆਂ ਉੱਤੇ ਕੇਸਰੀ ਨਿਸ਼ਾਨ ਸਾਹਿਬ ਝੁਲਾ ਕੇ ਸਿੰਘ ਸਾਹਿਬ ਦੇ ਹੁਕਮਾਂ ਨੂੰ ਲਾਗੂ ਕਰ ਸਕੇ।
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਸੁਖਵਿੰਦਰ ਸਿੰਘ ਲਾਲੀ, ਨਵਪ੍ਰੀਤ ਸਿੰਘ ਬਿੰਦਰਾ ਅਤੇ ਹਰਪ੍ਰੀਤ ਸਿੰਘ ਰਾਜਧਾਨੀ ਨੇ ਨਿਸ਼ਾਨ ਸਾਹਿਬ ਵੰਡਣ ਦੀ ਰਸਮ ਅਦਾ ਕੀਤੀ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਕੀਤੀ ਅਪੀਲ ਦੇ ਮੱਦੇਨਜ਼ਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ 23 ਤੋਂ 29 ਨਵੰਬਰ ਤੱਕ ਆਪਣੇ ਘਰਾਂ ਅਤੇ ਵਪਾਰਕ ਅਦਾਰਿਆਂ ’ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ।
ਆਗੂਆਂ ਨੇ ਕਿਹਾ ਕਿ ਜੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਆਦੇਸ਼ ਦਿੱਤੇ ਹਨ ਉਸਨੂੰ ਮੰਨਣਾ ਹਰ ਸਿੱਖ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਨਿਸ਼ਾਨ ਸਾਹਿਬ ਵੰਡਣ ਦੀ ਸੇਵਾ ਜਾਰੀ ਰਹੇਗੀ। ਇਸ ਮੌਕੇ ਪ੍ਰਧਾਨ ਕਮ ਮੈਂਬਰ ਟਰੱਸਟ ਪ੍ਰਬੰਧਕੀ ਬੋਰਡ ਸੁਰਿੰਦਰਪਾਲ ਸਿੰਘ ਬਿੰਦਰਾ, ਜਨਰਲ ਸਕੱਤਰ ਕਮ ਮੈਂਬਰ ਟਰੱਸਟ ਪ੍ਰਬੰਧਕੀ ਬੋਰਡ, ਟਰੱਸਟ ਮੈਂਬਰ ਅਮਰਜੀਤ ਸਿੰਘ ਟਿੱਕਾ, ਅਮਰਪਾਲ ਸਿੰਘ ਸਰਨਾ, ਹਰਵਿੰਦਰ ਪਾਲ ਸਿੰਘ ਚਾਵਲਾ, ਜਸਵਿੰਦਰ ਸਿੰਘ ਸੇਠੀ ਅਤੇ ਪਰਮਜੀਤ ਸਿੰਘ ਬੰਟੀ ਆਦਿ ਵੀ ਹਾਜ਼ਰ ਸਨ।

