ਇਥੋਂ ਦੀ ਪੁਲੀਸ ਨੇ ਅੱਜ ਇੱਕ ਗਨ ਹਾਉਸ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਨੇ ਆਪਣੇ ਕਿਸੇ ਜਾਣਕਾਰ ਦੇ ਅਸਲਾ ਲਾਇਸੈਂਸ ਦੀ ਫਾਈਲ ’ਤੇ ਦਸਤਖ਼ਤ ਕਰਵਾਉਣ ਲਈ ਏਸੀਪੀ ਆਰਮਜ਼ ਲਾਇਸੈਸਿੰਗ ਦੇ ਦਫ਼ਤਰ ਵਿੱਚ ਵੜ ਕੇ ਏਸੀਪੀ ’ਤੇ ਦਬਾਅ ਪਾਇਆ ਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਅਦਾਲਤ ਵਿੱਚ ਘਨੀਸਣ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਸਬੰਧੀ ਏਸੀਪੀ ਲਾਇਸੈਂਸਿੰਗ ਰਾਜੇਸ਼ ਸ਼ਰਮਾ ਨੇ ਡਿਵੀਜ਼ਨ 5 ਵਿੱਚ ਸ਼ਿਕਾਇਤ ਦਰਜ ਕਰਵਾਈ। ਜਾਂਚ ਤੋਂ ਬਾਅਦ ਡਿਵੀਜ਼ਨ 5 ਥਾਣੇ ਦੀ ਪੁਲੀਸ ਨੇ ਹੈਬੋਵਾਲ ਕਲਾਂ ਦੇ ਸੁਦਰਸ਼ਨ ਸ਼ਰਮਾ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮਾਮਲਾ ਇਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਅਕਸ਼ਿਤ ਗੰਨ ਹਾਊਸ ਵੀਡਿਓ ਮਾਰਕੀਟ ਘੁੰਮਾਰ ਮੰਡੀ ਦਾ ਮਾਲਕ ਸੁਦਰਸ਼ਨ ਸ਼ਰਮਾ ਵਾਸੀ ਹੈਬੋਵਾਲ ਕਲਾਂ ਏਸੀਪੀ (ਲਾਇਸੈਂਸਿੰਗ) ਰਾਜੇਸ਼ ਸ਼ਰਮਾ ਦੇ ਦਫ਼ਤਰ ਵਿੱਚ ਗਿਆ ਅਤੇ ਉਸ ਨੂੰ ਆਪਣੀ ਫਾਇਲ ’ਤੇ ਦਸਤਖਤ ਕਰਨ ਲਈ ਦਬਾਅ ਪਾਇਆ। ਜਦੋਂ ਅਧਿਕਾਰੀ ਨੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਏਸੀਪੀ ਨਾਲ ਬਹਿਸ ਕਰਨ ਲੱਗ ਪਿਆ ਅਤੇ ਉਸ ਨੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਏਸੀਪੀ ਰਾਜੇਸ਼ ਸ਼ਰਮਾ ਨੇ ਉਸ ਨੂੰ ਸਮਝਾਇਆ ਕਿ ਬਿਨੈਕਾਰ ਦੀ ਮੌਜੂਦਗੀ ਤੋਂ ਬਿਨਾਂ ਫਾਈਲ ’ਤੇ ਦਸਤਖ਼ਤ ਕਰਨਾ ਸੰਭਵ ਨਹੀਂ ਹੈ ਪਰ ਉਹ ਇਸ ਗੱਲ ’ਤੇ ਅੜ ਗਿਆ ਅਤੇ ਉੱਚੀ-ਉੱਚੀ ਬਹਿਸ ਕਰਨ ਲੱਗ ਪਿਆ। ਉਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿੱਚ ਰਿੱਟ ਦਾਇਰ ਕਰਨ ਦੀ ਧਮਕੀ ਵੀ ਦਿੱਤੀ।
ਇਸ ਘਟਨਾ ਤੋਂ ਬਾਅਦ ਏਸੀਪੀ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਜਿਸ ’ਤੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਸੁਦਰਸ਼ਨ ਸ਼ਰਮਾ ਵਿਰੁੱਧ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਅਤੇ ਧਮਕੀ ਦੇਣ ਦੇ ਦੋਸ਼ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।