ਗੁਲਜ਼ਾਰ ਗਰੁੱਪ ਵੱਲੋਂ ਲਿੰਕਡ ਲਰਨਿੰਗ ਨਾਲ ਭਾਈਵਾਲੀ
ਇਥੋਂ ਦੇ ਗੁਲਜ਼ਾਰ ਗਰੁੱਪ ਆਫ ਇੰਸਟੀਚਿਊਟਸ ਵੱਲੋਂ ਵਿਸ਼ਵ ਪ੍ਰਸਿੱਧ ਆਨਲਾਈਨ ਲਰਨਿੰਗ ਪਲੇਟਫਾਰਮ ਲਿੰਕਡ ਇੰਨ ਲਰਨਿੰਗ ਨਾਲ ਅਧਿਕਾਰਤ ਤੌਰ ਤੇ ਭਾਈਵਾਲੀ ਕੀਤੀ। ਇਸ ਰਣਨੀਤਕ ਸਹਿਯੋਗ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਅਤਿ ਆਧੁਨਿਤ ਕੋਰਸਾਂ ਦੇ ਵਿਸ਼ਾਲ ਭੰਡਾਰ ਤੱਕ ਪਹੁੰਚ ਪ੍ਰਦਾਨ ਕਰਨਾ ਹੈ ਜੋ ਰੁਜ਼ਗਾਰ ਯੋਗਤਾ ਵਧਾਉਣ ਅਤੇ ਅੱਜ ਦੇ ਪ੍ਰਤੀਯੋਗੀ ਨੌਕਰੀ ਬਜ਼ਾਰ ਵਿਚ ਹੁਨਰ ਦੇ ਪਾੜੇ ਨੂੰ ਪੂਰਾ ਕਰਨ ਲਈ ਤਿਆਰ ਕੀਤੇ ਗਏ ਹਨ। ਇਸ ਸਬੰਧੀ ਐਮਓਯੂ ਤੇ ਗੁਲਜ਼ਾਰ ਗਰੁੱਪ ਦੇ ਕਾਰਜਕਾਰੀ ਨਿਰਦੇਸ਼ ਗੁਰਕੀਰਤ ਸਿੰਘ ਅਤੇ ਅੰਚਲ ਚੋਪੜਾ ਨੇ ਹਸਤਾਖ਼ਰ ਕੀਤੇ। ਇਹ ਭਾਈਵਾਲੀ ਕਾਲਜ ਦੇ ਵਿਦਿਆਰਥੀਆਂ ਨੂੰ ਤਕਨਾਲੋਜੀ, ਕਾਰੋਬਾਰ, ਉਦਮਤਾ, ਰਚਨਾਤਮਿਕ ਕਲਾਵਾਂ ਤੇ ਪੇਸ਼ੇਵਰ ਵਿਕਾਸ ਸਮੇਤ ਵਿਭਿੰਨ ਖੇਤਰਾਂ ਵਿਚ ਹਜ਼ਾਰਾਂ ਮਾਹਿਰਾਂ ਦੀ ਅਗਵਾਈ ਵਾਲੇ ਵੀਡੀਓਜ਼ ਦੀ ਪੜਚੋਲ ਕਰਨ ਦੇ ਯੋਗ ਬਣਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਕੀਰਤ ਸਿੰਘ ਨੇ ਕਿਹਾ ਕਿ ਇਸ ਨਾਲ ਸਿੱਖਿਆਰਥੀਆਂ ਨੂੰ ਆਪਣੀ ਗਤੀ ਨਾਲ ਹੁਨਰ ਵਿਕਸਿਤ ਕਰਨ ਅਤੇ ਅਜਿਹੇ ਸਰਟੀਫ਼ਿਕੇਟ ਪ੍ਰਾਪਤ ਕਰਨ ਦੀ ਲਚਕਤਾ ਮਿਲੇਗੀ ਜੋ ਉਨ੍ਹਾਂ ਦੇ ਪੇਸ਼ੇਵਰ ਪ੍ਰੋਫਾਈਲ ਨੂੰ ਵਧਾਉਣਗੇ। ਇਹ ਲਰਨਿੰਗ ਵਿਅਕਤੀਗਤ ਸਮੱਗਰੀ, ਉਦਯੋਗ ਦੇ ਰੁਝਾਨਾਂ ਨਾਲ ਇਕਸਾਰ, ਫੈਕਲਟੀ ਨੂੰ ਨਵੀਨਤਾਕਾਰੀ ਅਧਿਆਪਨ ਵਿਧੀਆਂ ਅਪਣਾਉਣ ਅਤੇ ਉਨ੍ਹਾਂ ਦੇ ਸਬੰਧਤ ਖੇਤਰਾਂ ਵਿਚ ਨਵੀਨਤਮ ਵਿਕਾਸ ਬਾਰੇ ਜਾਣੂੰ ਰਹਿਣ ਵਿਚ ਸਹਾਇਤਾ ਕਰੇਗੀ।