ਖੇਤਰੀ ਪ੍ਰਤੀਨਿਧ
ਲੁਧਿਆਣਾ, 13 ਜੁਲਾਈ
ਵਿਧਾਨ ਸਭਾ ਹਲਕਾ ਪੂਰਵੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਹਲਕੇ ਦੇ ਵੱਖ-ਵੱਖ ਵਾਰਡਾਂ ’ਚ ਕਰੀਬ 3 ਕਰੋੜ ਦੇ ਸੜਕੀ ਨਿਰਮਾਣ ਕਾਰਜਾਂ ਦੇ ਉਦਘਾਟਨ ਕੀਤੇ ਗਏ। ਇਨ੍ਹਾਂ ’ਚ ਵਾਰਡ ਨੰਬਰ 2 ਵਿੱਚ ਕਰੀਬ ਇਕ ਕਰੋੜ, ਵਾਰਡ ਨੰਬਰ 11 ’ਚ ਇਕ ਕਰੋੜ 45 ਲੱਖ ਅਤੇ ਵਾਰਡ ਨੰਬਰ 13 ’ਚ 50 ਲੱਖ ਰੁਪਏ ਖਰਚੇ ਜਾਣਗੇ। ਇਸ ਮੌਕੇ ਮੇਅਰ ਇੰਦਰਜੀਤ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਇਸ ਮੌਕੇ ਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਟੀਚਾ ਸੂਬਾ ਵਾਸੀਆਂ ਨੂੰ ਸਿੱਖਿਆ ਅਤੇ ਸਿਹਤ ਸੁਵਿਧਾਵਾਂ ਤੋਂ ਇਲਾਵਾ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਉਣਾ ਹੈ। ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਜੋ ਵੀ ਗਰੰਟੀਆਂ ਦਿੱਤੀਆਂ ਗਈਆਂ ਸਨ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਨਿਭਾਇਆ ਜਾ ਰਿਹਾ ਹੈ। ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕੇ ਦੇ ਹਰ ਵਾਰਡ ਵਿੱਚ ਵਿਕਾਸ ਪੱਖੋਂ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਵਿਕਾਸ ਦੀ ਲੜੀ ਨੂੰ ਹੋਰ ਅੱਗੇ ਵਧਾਉਂਦੇ ਹੋਏ ਵਾਰਡ ਨੰਬਰ 2, 11 ਅਤੇ 13 ਚ ਕਰੀਬ ਤਿੰਨ ਕਰੋੜ ਰੁਪਏ ਦੇ ਸੜਕੀ ਨਿਰਮਾਣ ਕਾਰਜਾਂ ਦੇ ਉਦਘਾਟਨ ਕੀਤੇ ਗਏ ਹਨ। ਇਨ੍ਹਾਂ ਵਿਕਾਸ ਕਾਰਜਾਂ ਨੂੰ ਆਉਣ ਵੇਲੇ ਦਿਨਾਂ ’ਚ ਜਲਦ ਹੀ ਮੁਕੰਮਲ ਕਰ ਲਿਆ ਜਾਵੇਗਾ। ਇਸ ਦੌਰਾਨ ਹਾਜ਼ਰ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਕਿਹਾ ਕਿ ਸ਼ਹਿਰ ਦੇ ਕਿਸੇ ਵੀ ਹਲਕੇ ’ਚ ਵਿਕਾਸ ਪੱਖੋਂ ਕੋਈ ਕਮੀ ਨਹੀਂ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਨਵੇਂ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅੱਜ ਮਹਾਨਗਰ ਲੁਧਿਆਣਾ ਵਿਕਾਸ ਅਤੇ ਤਰੱਕੀ ਦੀਆਂ ਲੀਹਾਂ ਨੂੰ ਛੂਹ ਰਿਹਾ ਹੈ। ਇਸ ਮੌਕੇ ਤੇ ਕੌਂਸਲਰ ਸੁਖਮੇਲ ਸਿੰਘ ਗਰੇਵਾਲ, ਰਾਜ ਗਰੇਵਾਲ, ਸੁਰਜੀਤ ਸਿੰਘ ਠੇਕੇਦਾਰ, ਰੋਹਿਤ ਅਰੌੜਾ, ਬਿੱਟੂ ਸਾਗਰ, ਰਾਜੇਸ਼ ਪਟੇਲ ਬਿਰੂ, ਅਕਸ਼ੈ, ਕੌਂਸਲਰ ਪਤੀ ਅਨੂਜ ਚੌਧਰੀ, ਬੈਂਕ ਮੈਨੇਜਰ ਦਲਵਿੰਦਰ ਸਿੰਘ, ਅਮਰੀਕ ਸਿੰਘ ਸੈਣੀ ਤੋਂ ਇਲਾਵਾ ਵੱਡੀ ਗਿਣਤੀ ’ਚ ਇਲਾਕਾ ਵਾਸੀ ਹਾਜ਼ਰ ਸਨ।