ਪੱਤਰ ਪ੍ਰੇਰਕ
ਸਮਰਾਲਾ, 17 ਅਪਰੈਲ
ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਵਿੱਚ ਬਾਲ-ਵਾਟਿਕਾ ਤੋਂ ਪ੍ਰਾਈਮਰੀ, ਪ੍ਰਾਇਮਰੀ ਤੋਂ ਮਿਡਲ ਵਿੰਗ ਅਤੇ ਮਿਡਲ ਤੋਂ ਸੀਨੀਅਰ ਵਿੰਗ ਵਿੱਚ ਪ੍ਰਵੇਸ਼ ਕਰਨ ਵਾਲੇ ਬੱਚਿਆਂ ਲਈ ਡਿਗਰੀ ਵੰਡ ਸਮਾਰੋਹ ਕੀਤਾ ਗਿਆ, ਜਿਸ ਵਿੱਚ ਅਕਾਦਮਿਕ ਸੈਸ਼ਨ 2024-25 ਦੇ ਯੂ.ਕੇ.ਜੀ., ਪੰਜਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਮਾਰੋਹ ਦਾ ਉਦਘਾਟਨ ਮੁੱਖ ਮਹਿਮਾਨ ਗੁਰਸੁਖਮਨੀ ਬੈਨੀਪਾਲ, ਸਕੂਲ ਦੀ ਚੇਅਰਪਰਸਨ ਕੁਲਵਿੰਦਰ ਕੌਰ ਬੈਨੀਪਾਲ, ਪ੍ਰਧਾਨ ਅਨਿਲ ਵਰਮਾ, ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ, ਰਮਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਘਲੋਟੀ ਨੇ ਸਾਂਝੇ ਤੌਰ ’ਤੇ ਸ਼ਮ੍ਹਾਂ ਰਸ਼ਨ ਕਰਕੇ ਕੀਤਾ।
ਇਸ ਉਪਰੰਤ ਸਕੂਲ ਦੇ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਨੇ ਸਾਰੇ ਮਹਿਮਾਨਾਂ, ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ’ ਜੀ ਆਇਆ’ ਆਖਿਆ ਅਤੇ ਉਨ੍ਹਾਂ ਨੇ ਸਕੂਲ ਦੀ 25ਵੀਂ ਵਰੇਗੰਢ ਤੇ ਮੁਬਾਰਕਬਾਦ ਦਿੱਤੀ। ਇਸ ਸਮਾਰੋਹ ਦੀ ਸ਼ੁਰੂਆਤ ਦਸਵੀਂ ਜਮਾਤ ਦੇ ਬੱਚਿਆਂ ਵੱਲੋਂ ਸ਼ਬਦ ਗਾਇਨ ਅਤੇ ਛੇਵੀਂ ਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ‘ਸ੍ਰੀ ਗਣੇਸ਼ ਵੰਦਨਾ’ ਉੱਪਰ ਆਧਾਰਿਤ ਡਾਂਸ ਕਰਕੇ ਕੀਤੀ। ਇਸ ਸਾਰੇ ਪ੍ਰੋਗਰਾਮ ਨੂੰ ਚਾਰ ਪੜਾਵਾਂ ਵਿੱਚ ਵੰਡਿਆ ਗਿਆ। ਪ੍ਰੋਗਰਾਮ ਦੇ ਪਹਿਲੇ ਪੜਾਅ ਵਿੱਚ ਮੁੱਖ ਮਹਿਮਾਨ ਵੱਲੋਂ ਸੈਸ਼ਨ 2024-25 ਦੌਰਾਨ ਯੂ.ਕੇ.ਜੀ .ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਦੂਜੇ ਪੜਾਅ ਵਿੱਚ ਸੈਸ਼ਨ 2024-25 ਦੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੀ ਗਾਊਨ ਅਤੇ ਟੋਪੀਆਂ ਪਹਿਨ ਕੇ ਇੱਕ- ਇੱਕ ਕਰਕੇ ਬੜੇ ਹੀ ਸਵੈ -ਵਿਸ਼ਵਾਸ ਭਰੇ ਅੰਦਾਜ਼ ਵਿੱਚ ਮੁੱਖ ਮਹਿਮਾਨ ਕੋਲੋਂ ਆਪਣੇ ਸਰਟੀਫਿਕੇਟ ਹਾਸਲ ਕੀਤੇ। ਇਸੇ ਤਰ੍ਹਾਂ ਸਮਾਰੋਹ ਦੇ ਤੀਜੇ ਪੜਾਅ ਅਧੀਨ ਅੱਠਵੀਂ ਜਮਾਤ ਦੇ ਵਿਦਿਆਰਥੀ ਵੀ ਗਾਊਨ ਪਹਿਨ ਕੇ ਸਟੇਜ ਉੱਤੇ ਗਏ ਅਤੇ ਮੁੱਖ ਮਹਿਮਾਨ ਕੋਲੋਂ ਆਪਣੇ ਸਰਟੀਫਿਕੇਟ ਪ੍ਰਾਪਤ ਕਰਕੇ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਦਿਖਾਈ ਦਿੱਤੇ।
ਇਸ ਦੌਰਾਨ ਅੰਤਲੇ ਪੜਾਅ ਵਿੱਚ ਮੁੱਖ ਮਹਿਮਾਨ ਵੱਲੋਂ ਅਕਾਦਮਿਕ ਸੈਸ਼ਨ 2024-25 ਦੌਰਾਨ ਸਾਰੀਆਂ ਜਮਾਤਾਂ ਵਿੱਚ ਪਹਿਲੇ, ਦੂਜੇ ਤੇ ਤੀਜੇ ਸਥਾਨ ਉੱਤੇ ਰਹਿਣ ਵਾਲੇ ਬੱਚਿਆਂ ਨੂੰ ਵੀ ਸਰਟੀਫਿਕੇਟ ਅਤੇ ਟਰਾਫੀਆਂ ਦੇ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਅਤੇ ਉਨਾਂ ਨੇ ਬੱਚਿਆਂ ਦੇ ਉਜਲੇ ਭਵਿੱਖ ਦੀ ਕਾਮਨਾ ਵੀ ਕੀਤੀ। ਸਕੂਲੀ ਬੱਚਿਆਂ ਵੱਲੋਂ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਦੇ ਨਾਲ ਹੀ ਸਕੂਲ ਦੇ ਬੱਚਿਆਂ ਵੱਲੋਂ’ ਮਿੱਟੀ ਸੇ ਮਮਤਾ ਤੱਕ’ ਸਿਰਲੇਖ ਅਧੀਨ ਮਾਂ ਅਤੇ ਬੱਚੇ ਦੇ ਅਟੁੱਟ ਬੰਧਨ ਨੂੰ ਦਰਸਾਉਂਦਾ ਹੋਇਆ ਇੱਕ ਐਕਟ ਪੇਸ਼ ਕੀਤਾ ਗਿਆ ਜੋ ਕਿ ਦਰਸ਼ਕਾਂ ਦੇ ਮਨਾਂ ਉੱਪਰ ਇੱਕ ਡੂੰਘੀ ਤੇ ਅਮਿਟ ਛਾਪ ਛੱਡਣ ਵਿੱਚ ਕਾਮਯਾਬ ਹੋਇਆ।