ਸਮਾਰਟ ਸਕੂਲ ਮੋਤੀ ਨਗਰ ਵੱਲੋਂ ਮੁੱਖ ਅਧਿਆਪਕ ਸੁਖਧੀਰ ਸਿੰਘ ਸੇਖੋਂ ਅਤੇ ਸਮੂਹ ਸਟਾਫ ਦੀ ਅਗਵਾਈ ਹੇਠ ਸਿੱਖਿਆ ਅਤੇ ਸਹਿ-ਵਿੱਦਿਅਕ ਗਤੀਵਿਧੀਆਂ ਵਿੱਚ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਮੁੱਖ ਅਧਿਆਪਕ ਸੁਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਸਾਲਾਨਾ ਮੈਗਜ਼ੀਨ ‘ਇੰਸਪੇਰੀਆ’ ਮੁੱਖ ਮਹਿਮਾਨ ਏ ਸੀ ਪੀ ਗੁਰਦੇਵ ਸਿੰਘ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਬੀ ਪੀ ਈ ਓ ਇੰਦੂ ਸੂਦ, ਕੌਂਸਲਰ ਨਿਧੀ ਗੁਪਤਾ, ਅਮਰਜੀਤ ਸਿੰਘ, ਡਾ. ਗੁਰਬਖ਼ਸ਼ ਕੌਰ, ਗੋਬਿੰਦ ਲਾਲ, ਅਸ਼ੋਕ ਗੰਭੀਰ ਅਤੇ ਇਲਾਕਾ ਨਿਵਾਸੀ ਖਾਸ ਤੌਰ ਤੇ ਹਾਜ਼ਰ ਹੋਏ।
ਮੁੱਖ ਮਹਿਮਾਨ ਏ ਸੀ ਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਸਮਾਰਟ ਸਕੂਲ ਮੋਤੀ ਨਗਰ ਦਾ ਸਲਾਨਾ ਮੈਗਜ਼ੀਨ ਲੋਕ ਅਰਪਣ ਕਰਦੇ ਹੋਏ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲ ਦੀਆਂ ਕੀਤੀਆਂ ਗਈਆਂ ਗਤੀਵਿਧੀਆਂ ਦੱਸਦੀਆਂ ਹਨ ਕਿ ਇਹ ਸਕੂਲ, ਪ੍ਰਾਈਵੇਟ ਸਕੂਲਾਂ ਤੋਂ ਕਿਸੇ ਪੱਖੋਂ ਵੀ ਘੱਟ ਨਹੀਂ ਹੈ। ਇਸ ਮੌਕੇ ਕੌਂਸਲਰ ਨਿਧੀ ਗੁਪਤਾ, ਅਮਰਜੀਤ ਸਿੰਘ ਅਤੇ ਡਾ. ਗੁਰਬਖਸ਼ ਕੌਰ ਨੇ ਦੱਸਿਆ ਕਿ ਸਮਾਰਟ ਸਕੂਲ ਮੋਤੀ ਨਗਰ ਵੱਲੋਂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਸਮੇਂ-ਸਮੇਂ ’ਤੇ ਗਤੀਵਿਧੀਆਂ ਰਾਹੀਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹਿੰਦੀਆਂ ਹਨ। ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਮੈਗਜ਼ੀਨ ਰਾਹੀਂ ਵਿਦਿਆਰਥੀਆਂ ਵੱਲੋਂ ਕੀਤੀਆਂ ਪ੍ਰਾਪਤੀਆਂ ਦਿਖਾਉਣ ਦਾ ਮਕਸਦ ਹੋਰਨਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਹੋ ਕੇ ਇਸ ਪਾਸੇ ਤੋਰਨਾ ਹੈ। ਉਨ੍ਹਾਂ ਦੱਸਿਆ ਕਿ ਸਾਲ 2021 ਤੋਂ ਹੁਣ ਤੱਕ ਹਰ ਸਾਲ ਸਕੂਲ ਮੈਗਜ਼ੀਨ ਲੋਕ ਅਰਪਣ ਕੀਤਾ ਜਾਂਦਾ ਹੈ ਅਤੇ ਇਹ ਪ੍ਰਕਿਰਿਆ ਭਵਿੱਖ ਵਿੱਚ ਵੀ ਜਾਰੀ ਰਹੇਗੀ।

