ਸਰਕਾਰੀ ਸੈਕੰਡਰੀ ਸਕੂਲ ਅਖਾੜਾ ਨੇ ਮਾਰੀਆਂ ਮੱਲਾਂ
ਜ਼ੋਨਲ ਪੱਧਰ ਦੇ ਹਾਕੀ ਤੇ ਫੁਟਬਾਲ ਟੂਰਨਾਮੈਂਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਖਾੜਾ ਦੇ ਵਿਦਿਆਰਥੀਆਂ ਦੀਆਂ ਤਿੰਨ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿੱਤ ਦਰਜ ਕਰਵਾਉਣ ਉਪਰੰਤ ਸਮੂਹ ਵਿਦਿਆਰਥੀਆਂ ਦਾ ਸਕੂਲ ਪੁੱਜਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਰਕਾਰੀ ਹਾਈ ਸਕੂਲ ਮਲਕ ਵਿਖੇ ਹੋਏ ਇਸ ਟੂਰਨਾਮੈਂਟ ਵਿੱਚ ਸੀਨੀਅਰ ਸੈਕੰਡਰੀ ਸਕੂਲ ਅਖਾੜਾ ਦੀਆਂ ਤਿੰਨ ਟੀਮਾਂ ਜਿੰਨ੍ਹਾਂ ਵਿੱਚ ਅੰਡਰ-14 ਅਤੇ ਅੰਡਰ-17 ਕੁੜੀਆਂ ਅਤੇ ਅੰਡਰ-14 ਮੁੰਡਿਆਂ ਨੇ ਭਾਗ ਲਿਆ। ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੜੀਆਂ ਦੀਆਂ ਦੋਵੇਂ ਟੀਮਾਂ ਨੇ ਹਾਕੀ ਵਿੱਚ ਚਚਰਾੜੀ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਅੰਡਰ-17 ਮੁੰਡਿਆਂ ਨੇ ਫੁਟਬਾਲ ਟੂਰਨਾਮੈਂਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ। ਪ੍ਰਿਸੀਪਲ ਸਰਬਦੀਪ ਕੌਰ ਚੌਕੀਮਾਨ ਨੇ ਦੱਸਿਆ ਕਿ ਇਹ ਸਕੂਲ ਦੇ ਖਿਡਾਰੀਆਂ ਦੀ ਮਾਣਮੱਤੀ ਪ੍ਰਾਪਤੀ ਹੈ ਜਿਸਦਾ ਸਿਹਰਾ ਹਾਕੀ ਕੋਚ ਕੁਲਵਿੰਦਰ ਸਿੰਘ ਸਮਰਾ ਅਤੇ ਫੁਟਬਾਲ ਕੋਚ ਚਿਰੰਜੀ ਲਾਲ ਸਿਰ ਬੱਝਦਾ ਹੈ। ਪ੍ਰਿਸੀਪਲ ਨੇ ਕਿਹਾ ਕਿ ਹੁਣ ਇਹ ਖਿਡਾਰੀ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਤਿਆਰ ਹਨ ਤੇ ਉਨ੍ਹਾਂ ਨੂੰ ਪੂਰਨ ਭਰੋਸਾ ਹੈ ਕਿ ਇਹ ਉਥੇ ਵੀ ਜਿੱਤ ਦਰਜ ਕਰਨਗੇ। ਇਸ ਮੌਕੇ ਬਲਵਿੰਦਰ ਕੌਰ, ਜਗਰੂਪ ਸਿੰਘ, ਨਰਿੰਦਰਪਾਲ ਕੌਰ, ਰਵਿੰਦਰ ਸਿੰਘ, ਕੰਵਲਜੀਤ ਕੌਰ, ਗੁਰਦੀਪ ਸਿੰਘ, ਮਨਪ੍ਰੀਤ ਕੌਰ, ਨਿਧੀ ਜਿੰਦਲ, ਵਿਜੇ ਲਕਸ਼ਮੀ, ਰਮਨ ਸੂਦ, ਪੂਜਾ ਰਾਣੀ, ਭਾਰਤ ਭੂਸ਼ਣ, ਅੰਮ੍ਰਿਤਪਾਲ ਸਿੰਘ ਅਤੇ ਦੀਪਕ ਕੁਮਾਰ ਹਾਜ਼ਰ ਸਨ।