ਪੈਨਸ਼ਨਰਾਂ ਦੀਆਂ ਮੰਗਾਂ ਅੱਖੋਂ ਪਰੋਖੇ ਕਰਨ ਲਈ ਸਰਕਾਰ ਦੀ ਨਿਖੇਧੀ
ਸਰਕਾਰ ਨੇ ਮਹਿੰਗਾਈ ਵਧਾ ਦਿੱਤੀ ਤੇ ਮਹਿੰਗਾਈ ਭੱਤਾ ਬੰਦ ਕਰ ਦਿੱਤਾ: ਜਵੰਦਾ
ਪੰਜਾਬ ਪੈਨਸ਼ਨਰ ਕਲਿਆਣ ਸੰਗਠਨ ਸਮਰਾਲਾ ਦੀ ਪੈਨਸ਼ਨਰ ਭਵਨ ਵਿੱਚ ਹੋਈ। ਮਹੀਨਾਵਾਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਗਠਨ ਦੇ ਪ੍ਰਧਾਨ ਮੇਘ ਸਿੰਘ ਜਵੰਦਾ ਨੇ ਕਿਹਾ ਕਿ ਮੁਲਾਜ਼ਮ ਤੇ ਪੈਨਸ਼ਨਰ ਮੰਗਾਂ ਨੂੰ ਸਰਕਾਰ ਨੇ ਮੁੱਢ ਤੋਂ ਵਿਸਾਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਨੂੰ ਵਾਰ-ਵਾਰ ਸਮਾਂ ਦੇ ਕੇ ਮੁੱਕਰਦੇ ਰਹੇ ਹਨ। ਇਸ ਸਰਕਾਰ ਨੇ ਮਹਿੰਗਾਈ ਤਾਂ ਕੀ ਘੱਟ ਕਰਨੀ ਸੀ ਸਗੋਂ ਮੁਲਾਜ਼ਮਾਂ ਤੇ ਪੈਨਸ਼ਨਰ ਦਾ ਮਹਿੰਗਾਈ ਭੱਤਾ ਹੀ ਬੰਦ ਕਰ ਦਿੱਤਾ। ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਮਹਿੰਗਾਈ ਭੱਤਾ ਕੇਂਦਰ ਸਰਕਾਰ ਨਾਲ ਜੁੜਿਆ ਹੋਇਆ ਹੈ। ਜ਼ਿਕਰ ਯੋਗ ਹੈ ਕਿ ਕੇਂਦਰ ਸਰਕਾਰ ਦੇ ਮੁਲਾਜ਼ਮ ਤੇ ਪੈਨਸ਼ਨਰ 55% ਡੀ. ਏ.ਲੈ ਰਹੇ ਹਨ ਪਰ ਪੰਜਾਬ ਦੀ ਇਹ ਮੁਲਾਜ਼ਮ ਮਾਰੂ ਸਰਕਾਰ 42% ਡੀ.ਏ. ਦੇ ਰਹੀ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਦਲੀਪ ਸਿੰਘ ਨੇ ਕਿਹਾ ਕਿ ਮਾਨਯੋਗ ਹਾਈਕੋਰਟ ਵੱਲੋਂ 25 ਅਗਸਤ ਨੂੰ ਮੁਲਾਜ਼ਮਾਂ ਦੇ ਪੈਨਸ਼ਨਾਂ ਦੇ ਹੱਕ ਵਿੱਚ ਫੈਸਲਾ ਦਿੰਦੇ ਹੋਏ ਕਿਹਾ ਕਿ ਇਹਨਾਂ ਦਾ ਬਣਦਾ 13% ਮਹਿੰਗਾਈ ਭੱਤਾ ਅਤੇ ਹੁਣ ਤੱਕ ਦੀਆਂ ਡੀ.ਏ. ਦੀਆਂ ਕਿਸ਼ਤਾਂ ਦਾ ਬਕਾਇਆ ਜਲਦ ਤੋਂ ਜਲਦ ਅਦਾ ਕੀਤਾ ਜਾਵੇ ਪਰ ਹਾਲੇ ਵੀ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ। ਨੇਤਰ ਸਿੰਘ ਮੁਤਿਓ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਦਿਵਾਲੀ ਤੋਂ ਪਹਿਲਾਂ ਡੀ.ਏ.ਦੀਆਂ ਕਿਸ਼ਤਾਂ ਨਾ ਦਿੱਤੀਆਂ ਸਰਕਾਰ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਛੇੜਿਆ ਜਾਵੇਗਾ। ਮੰਚ ਸੰਚਾਲਨ ਦੀ ਭੂਮਿਕਾ ਲੈਕਚਰਾਰ ਹਰੀ ਚੰਦ ਵਰਮਾ ਵੱਲੋਂ ਬਾਖੂਬੀ ਨਿਭਾਈ ਗਈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਨੀਲ ਕੁਮਾਰ ਸ਼ੁਕਲਾ ਜਨਰਲ ਸਕੱਤਰ ਪੈਨਸ਼ਨਰ ਭਵਨ ਮੈਨੇਜਮੈਂਟ ਕਮੇਟੀ, ਮਾਸਟਰ ਗੋਪਾਲ ਸਿੰਘ, ਕੁਲਵੰਤ ਰਾਏ, ਮੇਲਾ ਸਿੰਘ ਪ੍ਰਧਾਨ ਪੈਨਸ਼ਨਰ ਭਵਨ ਮੈਨੇਜਮੈਂਟ ਕਮੇਟੀ, ਹਿੰਮਤ ਸਿੰਘ, ਗੁਰਚਰਨ ਸਿੰਘ, ਰਤਨ ਲਾਲ, ਜੈ ਰਾਮ, ਯਸ਼ਪਾਲ, ਦਰਸ਼ਨ ਸਿੰਘ ਕਟਾਣੀ, ਸੁਰਿੰਦਰ ਵਰਮਾ ਆਦਿ ਹਾਜ਼ਰ ਹੋਏ। ਅਖੀਰ ਵਿੱਚ ਸੰਗਠਨ ਦੇ ਪ੍ਰਧਾਨ ਮੇਘ ਸਿੰਘ ਜਵੰਦਾ ਨੇ ਮੀਟਿੰਗ ਵਿੱਚ ਆਏ ਸਮੂਹ ਪੈਨਸ਼ਨਰਾਂ ਦਾ ਧੰਨਵਾਦ ਕੀਤਾ ਅਤੇ ਸਮੂਹ ਪੈਨਸ਼ਨਰਾਂ ਨੂੰ ਭਵਿੱਖੀ ਸੰਘਰਸ਼ਾਂ ਲਈ ਤਿਆਰ ਰਹਿਣ ਲਈ ਵੀ ਕਿਹਾ।