ਬਲਾਕ ਸਮਿਤੀ ਚੋਣ ਲਈ ਰੌਣੀ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਰੁਪਿੰਦਰ ਸਿੰਘ ਗੋਲਡੀ ਭਰਥਲਾ ਰੰਧਾਵਾ ਵੱਲੋਂ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਕੋ-ਆਰਡੀਨੇਟਰ ਬੰਤ ਸਿੰਘ ਦੌਬੁਰਜੀ ਤੇ ਬਾਕੀ ਲੀਡਰਸ਼ਿਪ ਦੀ ਹਾਜ਼ਰੀ ’ਚ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਗਏ।
ਇਸ ਮੌਕੇ ਸਾਬਕਾ ਵਿਧਾਇਕ ਲਖਵੀਰ ਲੱਖਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਸ਼ਾਨਾਮੱਤੀ ਜਿੱਤ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀਆਂ ਸੂਬੇ ’ਚੋਂ ਕਾਂਗਰਸੀ ਉਮੀਦਵਾਰਾਂ ਦੀਆਂ ਫਾਈਲਾਂ ਖੋਹਣ, ਕਾਗਜ਼ ਭਰਨ ਤੋਂ ਰੋਕਣ ਲਈ ਧੱਕੇਸ਼ਾਹੀਆਂ ਸਾਹਮਣੇ ਆ ਰਹੀਆਂ ਹਨ, ਉਸ ਨੇ ਸਾਬਿਤ ਕਰ ਦਿੱਤਾ ਹੈ ਕਿ ਸਰਕਾਰ ਚੋਣਾਂ ਲੜਨ ਤੋਂ ਪਹਿਲਾਂ ਹੀ ਆਪਣੀ ਹਾਰ ਮੰਨ ਚੁੱਕੀ ਹੈ।
ਇਸ ਮੌਕੇ ਪੰਜਾਬ ਕਾਂਗਰਸ ਦੇ ਸੂਬਾ ਆਗੂ ਰਜਿੰਦਰ ਸਿੰਘ ਲੱਖਾ ਰੌਣੀ, ਸਾਬਕਾ ਸਰਪੰਚ ਗੁਰਮੀਤ ਸਿੰਘ ਗੋਲੂ ਮੁੱਲਾਂਪੁਰ, ਪ੍ਰਧਾਨ ਜਿੰਮੀ ਰੌਣੀ, ਮੰਡਲ ਪ੍ਰਧਾਨ ਹੈਪੀ ਰੌਣੀ, ਮੁੱਲਾਂਪੁਰ ਸੁਸਾਇਟੀ ਦੇ ਉਪ ਪ੍ਰਧਾਨ ਅਮਨਜੋਤ ਸਿੰਘ ਬੈਨੀਪਾਲ, ਸੇਵਾਮੁਕਤ ਪ੍ਰਿੰਸੀਪਲ ਇੰਦਰ ਦਾਸ ਅਤੇ ਚੇਅਰਮੈਨ ਗੁਰਪ੍ਰੀਤ ਸਿੰਘ ਰੌਣੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਵੀ ਹਾਜ਼ਰ ਸਨ।
ਕਾਂਗਰਸੀ ਮਹਿਲਾ ਸਰਪੰਚ ਸਾਥੀਆਂ ਸਣੇ ਇਆਲੀ ਦੀ ਬੇੜੀ ’ਚ ਸਵਾਰ
ਮੁੱਲਾਂਪੁਰ ਦਾਖਾ (ਨਿੱਜੀ ਪੱਤਰ ਪ੍ਰੇਰਕ): ਕਾਂਗਰਸ ਨੂੰ ਹਲਕਾ ਦਾਖਾ ਅੰਦਰ ਉਦੋਂ ਝਟਕਾ ਲੱਗਿਆ ਜਦੋਂ ਮਹਿਲਾ ਸਰਪੰਚ ਸਾਥੀਆਂ ਸਣੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀ ਬੇੜੀ ਵਿੱਚ ਸਵਾਰ ਹੋ ਗਏ। ਪਿੰਡ ਮੁੱਲਾਂਪੁਰ ਦੀ ਮੌਜੂਦਾ ਸਰਪੰਚ ਬੀਬੀ ਜਗਦੀਪ ਕੌਰ ਨੇ ਦੇਰ ਸ਼ਾਮ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਦਿੱਤਾ। ਇਸ ਮੌਕੇ ਕਰਵਾਏ ਸਾਦਾ ਸਮਾਗਮ ਦੌਰਾਨ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਮਹਿਲਾ ਸਰਪੰਚ ਤੇ ਉਨ੍ਹਾਂ ਦੇ ਸਾਥੀਆਂ ਦਾ ਸਿਰੋਪੇ ਪਾ ਕੇ ਸਵਾਗਤ ਕੀਤਾ। ਸਰਪੰਚ ਜਗਦੀਪ ਕੌਰ ਨੇ ਕਿਹਾ ਕਿ ਹਲਕਾ ਦਾਖਾ ਅੰਦਰ ਵਿਧਾਇਕ ਇਆਲੀ ਦੇ ਕੰਮ ਆਪਮੁਹਾਰੇ ਬੋਲਦੇ ਹਨ। ਇਸ ਮੌਕੇ ਮਾਰਕੀਟ ਕਮੇਟੀ ਮੁੱਲਾਂਪੁਰ ਦੇ ਸਾਬਕਾ ਚੇਅਰਮੈਨ ਡਾ. ਅਮਰਜੀਤ ਸਿੰਘ ਮੁੱਲਾਂਪੁਰ ਸਮੇਤ ਹੋਰ ਆਗੂ ਹਾਜ਼ਰ ਸਨ।

