ਮਾਣੂੰਕੇ ਸੇਵਾ ਕੇਂਦਰ ’ਚੋਂ ਲੱਖਾਂ ਦਾ ਸਾਮਾਨ ਚੋਰੀ
ਪੱਤਰ ਪ੍ਰੇਰਕ
ਜਗਰਾਉਂ, 25 ਜੂਨ
ਨੇੜਲੇ ਪਿੰਡ ਮਾਣੂੰਕੇ ਵਿੱਚ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀ ਸੇਵਾ ਕੇਂਦਰ ਦਾ ਤਾਲਾ ਤੋੜ ਕੇ ਕੇਂਦਰ ’ਚ ਪਿਆ ਲੱਖਾਂ ਦੀ ਕੀਮਤ ਦਾ ਸਾਮਾਨ ਚੋਰੀ ਕਰ ਕੇ ਲੈ ਗਏ ਹਨ। ਥਾਣਾ ਹਠੂਰ ਦੇ ਏਐੱਸਆਈ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਸੇਵਾ ਕੇਂਦਰ ਮਾਣੂੰਕੇ ’ਚੋਂ ਲੈਪਟਾਪ, ਲੈਮੀਨੇਸ਼ਨ ਮਸ਼ੀਨ, ਟੋਕਨ ਪ੍ਰਿਟਿੰਗ ਮਸ਼ੀਨ, ਹਾਰਡ ਡਿਸਕ, ਹਾਜ਼ਰੀ ਮਸ਼ੀਨ, ਆਧਾਰ ਕਾਰਡ ਕਾਂਊਟਰ ਤੋਂ ਸੀਪੀਯੂ, ਐੱਲਸੀਡੀ ਸਕੈਨਰ ਪ੍ਰਿੰਟਰ, ਆਧਾਰ ਫਿੰਗਰ ਪ੍ਰਿੰਟ ਮਸ਼ੀਨ, ਮੰਤਰਾ ਮਸੀਨ, ਅੱਠ ਬੈਟਰੀਆਂ, ਲੋਹੇ ਦਾ ਸਟੈਂਡ, ਜਨਰੇਟਰ ਬੈਟਰੀ, ਸੈਲਫ, ਪੰਚਾਇਤੀ ਕੈਮਰਿਆਂ ਦਾ ਸਾਰਾ ਸਾਮਾਨ, ਛੋਟੀ ਐੱਲਸੀਡੀ ਸਕਰੀਨ ਤੇ ਦੋ ਐੱਨਵੀਆਰ ਆਦਿ ਚੋਰੀ ਹੋਏ ਹਨ।
ਪੁਲੀਸ ਨੇ ਸੇਵਾ ਕੇਂਦਰ ਦਾ ਨਿਰੀਖਣ ਕਰਨ ਮਗਰੋਂ ਅਣਪਛਾਤਿਆਂ ਖ਼ਿਲਾਫ਼ ਸੇਵਾ ਕੇਂਦਰ ’ਚ ਅਪਰੇਟਰ ਵੱਜੋਂ ਸੇਵਾਵਾਂ ਨਿਭਾਉਣ ਵਾਲੇ ਦਲਵਾਰਾ ਦਾਸ ਜੋ ਪਿੰਡ ਚਕਰ ਦਾ ਵਸਨੀਕ ਹੈ ਦੇ ਬਿਆਨ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਸੇਵਾ ਕੇਂਦਰ ਦੇ ਆਸ-ਪਾਸ ਲੱਗੇ ਕੈਮਰਿਆਂ ਦੀ ਜਾਂਚ ਆਰੰਭ ਦਿੱਤੀ ਹੈ। ਇਲਾਕੇ ਵਿੱਚ ਸਰਕਾਰੀ ਸੰਸਥਾਵਾਂ ਨੂੰ ਪਿਛਲੇ ਦਿਨਾਂ ਤੋਂ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਚੌਕੀਮਾਨ ਸਰਕਾਰੀ ਡਿਸਪੈਂਸਰੀ ’ਚ ਵੀ ਚੋਰੀ ਹੋ ਚੁੱਕੀ ਹੈ।