ਮੇਜਰ ਦੀ ਸਰਕਾਰੀ ਰਿਹਾਇਸ਼ ਵਿੱਚੋਂ ਸਾਮਾਨ ਚੋਰੀ
ਫੌਜ ਵੱਲੋਂ ਦਿੱਤੇ ਲੈਪਟਾਪ ਸਣੇ ਜ਼ਰੂਰੀ ਜਾਣਕਾਰੀ ਨਾਲ ਭਰਿਅਾ ਮੋਬਾਈਲ ਵੀ ਚੋਰੀ
ਢੋਲੇਵਾਲ ਸਥਿਤ ਮਿਲਟਰੀ ਕੈਂਪ ਦੇ ਅੰਦਰੋਂ ਇੱਕ ਮੇਜਰ ਰੈਂਕ ਦੇ ਅਧਿਕਾਰੀ ਦੇ ਸਰਕਾਰੀ ਘਰ ਵਿੱਚ ਦਾਖਲ ਹੋਏ ਚੋਰਾਂ ਨੇ ਮੇਜਰ ਦਾ ਲੈਪਟਾਪ ਅਤੇ ਸਰਕਾਰੀ ਮੋਬਾਈਲ ਫੋਨ ਚੋਰੀ ਕਰ ਲਿਆ। ਇਹ ਏਰੀਆ 24 ਘੰਟੇ ਸੁਰੱਖਿਆ ਘੇਰੇ ਨਾਲ ਘਿਰਿਆ ਰਹਿਣ ਵਾਲਾ ਹੈ ਤੇ ਬਾਹਰੀ ਵਿਅਕਤੀ ਨੂੰ ਬਿਨਾਂ ਆਗਿਆ ਇਸਦੇ ਅੰਦਰ ਜਾਣ ਦੀ ਮੰਨਜ਼ੂਰੀ ਨਹੀਂ ਹੈ। ਚੋਰ ਨਾ ਸਿਰਫ਼ ਮੇਜਰ ਦੇ ਘਰੋਂ ਘਰ ਤੋਂ ਲੈਪਟਾਪ ਲੈ ਗਿਆ ਬਲਕਿ ਮੇਜਰ ਦਾ ਸਰਕਾਰੀ ਮੋਬਾਈਲ ਫੋਨ ਵੀ ਲੈ ਗਿਆ, ਜਿਸ ਵਿੱਚ ਕਾਫ਼ੀ ਜਾਣਕਾਰੀਆਂ ਸਨ। ਚੋਰੀ ਹੋਣ ’ਤੇ ਮੇਜਰ ਛੁੱਟੀ ’ਤੇ ਸਨ। ਉਨ੍ਹਾਂ ਵਾਪਸ ਆ ਕੇ ਤੁਰੰਤ ਇਸਦੀ ਸੂਚਨਾ ਪੁਲੀਸ ਨੂੰ ਦਿੱਤੀ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੇ ਇਸ ਮਾਮਲੇ ਵਿੱਚ ਜਾਂਚ ਕਰਨ ਤੋਂ ਬਾਅਦ ਮੇਜਰ ਸਚਿਨ ਸ਼ਰਮਾ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੇਜਰ ਸਚਿਨ ਸ਼ਰਮਾ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਨੁਸਾਰ ਉਹ 18 ਸਤੰਬਰ ਤੋਂ 21 ਸਤੰਬਰ ਤੱਕ ਛੁੱਟੀ ’ਤੇ ਸੀ, ਇਸ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਉਸਦੇ ਘਰ ਵਿੱਚ ਦਾਖਲ ਹੋ ਕੇ ਉਸਦਾ ਲੈਪਟਾਪ ਤੇ ਮੋਬਾਈਲ ਫੋਨ ਚੋਰੀ ਕਰ ਲੈ ਗਿਆ। ਮੇਜਰ ਸਚਿਨ ਸ਼ਰਮਾ ਦੇ ਅਨੁਸਾਰ ਚੋਰਾਂ ਨੇ ਫੌਜ ਵੱਲੋਂ ਦਿੱਤਾ ਗਿਆ ਲੈਪਟਾਪ ਤੇ ਮੋਬਾਈਲ, ਰੇਬਨ ਦੀ ਐਨਕ, ਘੜ੍ਹੀਆਂ ਤੇ ਹੋਰ ਸਾਮਾਨ ਚੋਰੀ ਕਰ ਲਿਆ। ਆਰਮੀ ਕੈਂਪ ਦੇ ਅੰਦਰ ਮੇਜਰ ਦੇ ਘਰ ਵਿੱਚ ਹੋਈ ਚੋਰੀ ਨੂੰ ਇੱਕ ਵੱਡੀ ਘਟਨਾ ਮੰਨਿਆ ਜਾ ਰਿਹਾ ਹੈ। ਫੌਜ ਦੇ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਕੈਂਪ ਦੇ ਅੰਦਰ ਰਹਿਣ ਵਾਲੇ ਕਿਸੇ ਵਿਅਕਤੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੋਵੇ। ਏਐੱਸਆਈ ਗੁਰਜਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।