ਸਥਾਨਕ ਸਰਕਾਰੀ ਕਾਲਜ ਲੜਕੀਆਂ ਵਿੱਚ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਮੇਲਾਂ ਧੀਆਂ ਦਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਅੱਜ ਮਨਾਏ ਗਏ ਇਸ ਮੇਲੇ ਵਿੱਚ ਮੁੱਖ ਮੰਤਰੀ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਨਗਰ ਨਿਗਮ ਦੀ ਮੇਅਰ ਇੰਦਰਜੀਤ ਕੌਰ, ਰਮਨਜੀਤ ਕੌਰ ਗਿਆਸਪੁਰਾ, ਮੁਹੰਮਦ ਅਰਫਾਨ ਵੀ ਸਮਾਗਮ ਵਿੱਚ ਪਹੁੰਚੇ। ਕਾਲਜ ਪ੍ਰਿੰਸੀਪਲ ਡਾ. ਸੁਮਨ ਲਤਾ ਨੇ ਆਏ ਪਤਵੰਤਿਆਂ ਦਾ ਨਿੱਘਾ ਸਵਾਗਤ ਕੀਤਾ।
ਕਾਲਜ ਕੈਂਪਸ ਨੂੰ ਪੂਰੀ ਤਰ੍ਹਾਂ ਮੇਲੇ ਦੀ ਤਰ੍ਹਾਂ ਸਜਾਇਆ ਹੋਇਆ ਸੀ। ਕਾਲਜ ਦੀਆਂ ਵਿਦਿਆਰਥਣਾਂ ਦੇ ਨਾਲ ਨਾਲ ਵਿਸ਼ੇਸ਼ ਮਹਿਮਾਨ ਡਾ. ਗੁਰਪ੍ਰੀਤ ਕੌਰ ਨੇ ਵੀ ਪੀਂਘ ਝੂਟ ਕੇ ਮੇਲੇ ਦਾ ਆਨੰਦ ਲਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਫੋਕ ਆਰਕੈਸਟਰਾ, ਸੋਲੋ ਗੀਤ, ਨ੍ਰਿਤ ਡਾਂਸ, ਭੰਗੜਾ, ਗਿੱਧਾ ਅਤੇ ਲੋਕ ਕਲਾ ਭੰਡ ਦੀਆਂ ਪੇਸ਼ਕਾਰੀਆਂ ਰਾਹੀਂ ਚੰਗਾ ਰੰਗ ਬੰਨਿ੍ਹਆ। ਇਸ ਤੋਂ ਇਲਾਵਾ ਮੇਲੇ ਵਿੱਚ ਚੂੜੀਆਂ, ਗਹਿਣਿਆਂ, ਸ਼ਿੰਗਾਰ ਦੇ ਸਮਾਨ, ਸੂਟ, ਤੋਹਫੇ ਆਦਿ ਦੇ ਸਟਾਲ ਵੀ ਲਾਏ ਗਏ ਸਨ। ਮੇਲੇ ਵਿੱਚ ਵਿਦਿਆਰਥਣਾਂ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਮੇਲੇ ਵਿੱਚ ਮੁੱਖ ਆਕਰਸ਼ਣ ਦਾ ਕੇਂਦਰ ਤਾਂਗਾ ਰਿਹਾ। ਕਈ ਵਿਦਿਆਰਥੀ ਅਤੇ ਲੋਕ ਤਾਂਗੇ ਸਵਾਰੀ ਕਰਦੇ ਦੇਖੇ ਗਏ। ਜਲੇਬੀ ਦੇ ਸਟਾਲ ਨੇ ਪੁਰਾਤਨ ਮੇਲਿਆਂ ਦੀ ਯਾਦ ਤਾਜ਼ਾ ਕਰ ਦਿੱਤੀ। ਇਸ ਤੋਂ ਇਲਾਵਾ ਚਾਟ, ਆਈਸ ਕ੍ਰੀਮ, ਡੋਸੇ ਅਤੇ ਹੋਰ ਭਾਂਤ ਭਾਂਤ ਦੇ ਪਕਵਾਨਾਂ ਦਾ ਵੀ ਮੇਲੀਆਂ ਨੇ ਸਵਾਦ ਚੱਖਿਆ। ਮੁੱਖ ਮਹਿਮਾਨ ਡਾ. ਗੁਰਪ੍ਰੀਤ ਨੇ ਕਿਹਾ ਕਿ ਇਸ ਧੀਆਂ ਦੇ ਮੇਲੇ ਵਿੱਚ ਆ ਕੇ ਉਨ੍ਹਾਂ ਨੂੰ ਬਹੁਤ ਵਧੀਆ ਲੱਗਾ। ਮੇਲੇ ਦੌਰਾਨ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੀ ਜਿੰਨੀਂ ਵੀ ਤਾਰੀਫ ਕੀਤੀ ਜਾਵੇ ਥੋੜ੍ਹੀ ਹੈ। ਉਨ੍ਹਾਂ ਨੇ ਇਸ ਮੇਲੇ ਨੂੰ ਵਧੀਆ ਢੰਗ ਨਾਲ ਉਲੀਕਣ ਵਾਲੀ ਪੂਰੀ ਟੀਮ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਵੀ ਇਸ ਮੇਲੇ ਵਿੱਚ ਸ਼ਮੂਲੀਅਤ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਨੇ ਕਾਲਜ ਦਾ ਮੈਗਜ਼ੀਨ ‘ਦਿਪੀਕਾ’ ਵੀ ਰਿਲੀਜ਼ ਕੀਤਾ। ਮੰਚ ਦਾ ਸੰਚਾਲਨ ਸਰੀਤਾ ਖੁਰਾਣਾ ਵੱਲੋਂ ਕੀਤਾ ਗਿਆ।