ਲੜਕੀ ਵੱਲੋਂ ਛੇੜਛਾੜ ਦਾ ਵਿਰੋਧ ਕਰਨ ’ਤੇ ਹਮਲਾ
ਥਾਣਾ ਹਠੂਰ ਦੀ ਪੁਲੀਸ ਨੇ ਇਲਾਕੇ ਦੇ ਇੱਕ ਪਿੰਡ ਦੀ ਵਸਨੀਕ ਲੜਕੀ ਦੀ ਸ਼ਿਕਾਇਤ ’ਤੇ ਉਸ ਦੇ ਹੀ ਪਿੰਡ ਦੇ ਇੱਕ ਲੜਕੇ ਤੇ ਉਸ ਦੇ ਪਿਤਾ ਖ਼ਿਲਾਫ਼ ਵੱਖ ਵੱਖ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ...
ਥਾਣਾ ਹਠੂਰ ਦੀ ਪੁਲੀਸ ਨੇ ਇਲਾਕੇ ਦੇ ਇੱਕ ਪਿੰਡ ਦੀ ਵਸਨੀਕ ਲੜਕੀ ਦੀ ਸ਼ਿਕਾਇਤ ’ਤੇ ਉਸ ਦੇ ਹੀ ਪਿੰਡ ਦੇ ਇੱਕ ਲੜਕੇ ਤੇ ਉਸ ਦੇ ਪਿਤਾ ਖ਼ਿਲਾਫ਼ ਵੱਖ ਵੱਖ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਹਠੂਰ ਦੇ ਸਬ-ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਨੇ ਪੁਲੀਸ ਕੋਲ ਲਿਖਤੀ ਸ਼ਿਕਾਇਤ ਕਰ ਕੇ ਦੱਸਿਆ ਕਿ ਉਸ ਦੇ ਪਿੰਡ ਦਾ ਹੀ ਲੜਕਾ ਸੁਖਵੀਰ ਸਿੰਘ ਕਾਫ਼ੀ ਸਮੇਂ ਤੋਂ ਉਸ ਨੂੰ ਗ਼ਲਤ ਇਸ਼ਾਰੇ ਕਰ ਕੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਦਾ ਹੈ। ਪੀੜਤਾ ਨੇ ਦੱਸਿਆ ਕਿ 12 ਅਕਤੂਬਰ ਨੂੰ ਜਦੋਂ ਉਹ ਦੂਜੇ ਘਰ ਵਿੱਚ ਆਪਣੀ ਦਾਦੀ ਕੋਲ ਜਾ ਰਹੀ ਸੀ ਤਾਂ ਰਸਤੇ ਵਿੱਚ ਸੁਖਵੀਰ ਸਿੰਘ ਨੇ ਉਸ ਨੂੰ ਘੇਰ ਕੇ ਪ੍ਰੇਸ਼ਾਨ ਕੀਤਾ। ਪੀੜਤਾ ਨੇ ਇਸ ਦਾ ਵਿਰੋਧ ਕੀਤਾ ਤਾਂ ਸੁਖਵੀਰ ਸਿੰਘ ਦੇ ਪਿਤਾ ਕੁਲਦੀਪ ਸਿੰਘ ਨੇ ਆਪਣੇ ਲੜਕੇ ਨੂੰ ਰੋਕਣ ਦੀ ਥਾਂ ਖ਼ੁਦ ਵੀ ਲੜਕੀ ਨੂੰ ਲੜਕੀ ਨੂੰ ਇਤਰਾਜ਼ਯੋਗ ਸ਼ਬਦਾਵਲੀ ਵਰਤੀ। ਪੀੜਤਾ ਅਨੁਸਾਰ ਕੁਲਦੀਪ ਸਿੰਘ ਨੇ ਉਸ ਦੇ ਪਿਤਾ ਨੂੰ ਵੀ ਗਾਲ੍ਹਾਂ ਕੱਢੀਆਂ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਪੀੜਤਾ ਨੇ ਦੱਸਿਆ ਕਿ ਅਗਲੀ ਸਵੇਰ ਸੁਖਵੀਰ ਸਿੰਘ ਨੇ ਉਸ ਦੇ ਘਰ ਦੇ ਦਰਵਾਜ਼ੇ ਅੱਗੇ ਖੜ੍ਹ ਕੇ ਗਾਲ੍ਹਾਂ ਕੱਢੀਆਂ ਅਤੇ ਘਰ ਦੇ ਮੁੱਖ ਦਰਵਾਜ਼ੇ ’ਤੇ ਹਮਲਾ ਕਰ ਕੇ ਭੰਨਤੋੜ ਕੀਤੀ।
ਸਬ-ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸੁਖਵੀਰ ਸਿੰਘ ਤੇ ਕੁਲਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।