ਸਤਲੁਜ ਕਾਰਨ ਨੁਕਸਾਨੀਆਂ ਜ਼ਮੀਨਾਂ ਗਿਰਦਾਵਰੀ ਦਾ ਕੰਮ ਸ਼ੁਰੂ
ਡਿਪਟੀ ਕਮਿਸ਼ਨਰ ਲੁਧਿਆਣਾ ਦੇ ਨਿਰਦੇਸ਼ਾਂ ਤਹਿਤ ਮਾਲ ਵਿਭਾਗ ਵੱਲੋਂ ਮਾਛੀਵਾੜਾ ਇਲਾਕੇ ਦੇ ਸਤਲੁਜ ਦਰਿਆ ਅੰਦਰ ਹੜ੍ਹ ਕਾਰਨ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ ਉਸ ਦੀ ਗਿਰਦਾਵਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਅੱਜ ਮਾਲ ਵਿਭਾਗ ਦੇ ਕਾਨੂੰਨਗੋ ਤੇ ਪਟਵਾਰੀ ਸਤਲੁਜ ਦਰਿਆ ਅੰਦਰ ਉਨ੍ਹਾਂ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਦੇ ਦੇਖੇ ਗਏ ਜਿਨ੍ਹਾਂ ਦੀ ਹੜ੍ਹ ਕਾਰਨ ਫਸਲ ਪ੍ਰਭਾਵਿਤ ਹੋਈ। ਜਾਣਕਾਰੀ ਅਨੁਸਾਰ ਮਾਛੀਵਾੜਾ ਸਬ-ਤਹਿਸੀਲ ਅਧੀਨ ਹੜ੍ਹ ਕਾਰਨ ਪਿੰਡ ਧੁੱਲੇਵਾਲ, ਦੌਲਤਪੁਰ ਤੇ ਦੋਪਾਣਾ ਦੀ 300 ਏਕੜ ਤੋਂ ਵੱਧ ਫਸਲ ਪ੍ਰਭਾਵਿਤ ਹੋਈ ਹੈ ਜਿਸ ਦੀ ਮਾਲ ਵਿਭਾਗ ਵੱਲੋਂ ਗਿਰਦਾਵਰੀ ਕੀਤੀ ਜਾ ਰਹੀ ਹੈ। ਮਾਲ ਵਿਭਾਗ ਦੇ ਅਧਿਕਾਰੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਦੋ ਦਿਨਾਂ ਵਿਚ ਸਤਲੁਜ ਦਰਿਆ ਅੰਦਰ ਜਿਨ੍ਹਾਂ ਕਿਸਾਨਾਂ ਦੀਆਂ ਜਮੀਨਾਂ ਹੜ੍ਹ ਕਾਰਨ ਪਾਣੀ ਵਿਚ ਰੁੜ ਗਈ ਜਾਂ ਫਸਲਾਂ ਡੁੱਬ ਕੇ ਤਬਾਹ ਹੋ ਗਈਆਂ ਇੱਥੋਂ ਤੱਕ ਕਈ ਕਿਸਾਨਾਂ ਦੇ ਜਮੀਨਾਂ ਵਿਚ ਲੱਗੇ ਪਾਪੂਲਰ ਵੀ ਰੁੜ੍ਹ ਗਏ ਹਨ, ਉਨ੍ਹਾਂ ਦੀ ਗਿਰਦਾਵਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਨਿਰਦੇਸ਼ ਹਨ ਕਿ ਤੁਰੰਤ ਪੀੜਤ ਕਿਸਾਨਾਂ ਦੀ ਰਿਪੋਰਟ ਤਿਆਰ ਕਰਕੇ ਭੇਜੀ ਜਾਵੇ ਤਾਂ ਜੋ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਜਲਦ ਦਿੱਤਾ ਜਾ ਸਕੇ।