ਗਿਆਸਪੁਰਾ ਵੱਲੋਂ ਜੰਡਾਲੀ ’ਚ ਸਿੰਜਾਈ ਲਈ ਲੱਗੇ ਮੋਘੇ ਦਾ ਉਦਘਾਟਨ
ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਅੱਜ ਨੇੜਲੇ ਪਿੰਡ ਜੰਡਾਲੀ ਵਿੱਚ ਸਰਹਿੰਦ ਪਟਿਆਲਾ ਫੀਡਰ ਨਹਿਰ ’ਤੇ ਪਾਣੀ ਵਾਲੇ ਨਵੇਂ ਮੋਘੇ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਜੰਡਾਲੀ ਵਿੱਚ ਨਹਿਰ ’ਚੋਂ ਮੋਘਾ ਲਗਵਾ ਕੇ ਪਿੰਡ ਜੰਡਾਲੀ ਦੇ ਹਰਪਿੰਦਰ ਸਿੰਘ ਗਿੱਲ ਕੈਨੇਡਾ ਨਾਲ ਸੱਚੀ ਦੋਸਤੀ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਉਦੋਂ ਤੋਂ ਫਸਲਾਂ ਨੂੰ ਪਾਣੀ ਦੇਣ ਲਈ ਮੋਘੇ ਲਗਾਏ ਜਾ ਰਹੇ ਹਨ।
ਵਿਧਾਇਕ ਨੇ ਕਿਹਾ ਕਿ ਨਹਿਰੀ ਪਾਣੀ ਵਿੱਚ ਕਈ ਤਰ੍ਹਾਂ ਦੇ ਕੁਦਰਤੀ ਤੱਤ ਹੁੰਦੇ ਹਨ ਜਿਨ੍ਹਾਂ ਨਾਲ ਫ਼ਸਲ ਦੀ ਉਪਜ ਵਿੱਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਨਹਿਰਾਂ ਦਾ ਸਿਰਫ਼ 20 ਫ਼ੀਸਦ ਪਾਣੀ ਹੀ ਸਿੰਜਾਈ ਲਈ ਵਰਤਿਆ ਜਾ ਰਿਹਾ ਸੀ, ਜਦਕਿ ‘ਆਪ’ ਸਰਕਾਰ ਦੇ ਯਤਨਾਂ ਤਹਿਤ ਇਹ ਅੰਕੜਾ ਹੁਣ 80 ਫ਼ੀਸਦ ਤੋਂ ਵੱਧ ’ਤੇ ਚਲਾ ਗਿਆ ਹੈ। ਉਨ੍ਹਾਂ ਨਹਿਰ ਕਿਨਾਰੇ ਵਸੇ ਪਿੰਡ ਵਾਸੀਆਂ ਨਾਲ ਹੋਈ ਵਧੀਕੀ ਬਾਰੇ ਕਿਹਾ ਕਿ ਇਨ੍ਹਾਂ ਪਿੰਡਾਂ ਦੀ ਜ਼ਮੀਨ ਤਾਂ ਐਕੁਆਇਰ ਕਰ ਲਈ ਗਈ ਪਰ ਪਿੰਡ ਵਾਸੀਆਂ ਨੂੰ ਪਾਣੀ ਦੀ ਬੂੰਦ ਪ੍ਰਾਪਤ ਨਹੀਂ ਹੋਈ। ਇਸ ਮੌਕੇ ਉਨ੍ਹਾਂ ਹੋਰ ਪਿੰਡਾਂ ਦੇ ਵਸਨੀਕਾਂ ਨੂੰ ਵੀ ਭਰੋਸਾ ਦਿਵਾਇਆ ਕਿ ਉਹ ਮੋਘਾ ਲਗਵਾਉਣ ਲਈ ਸਰਬਸੰਮਤੀ ਨਾਲ ਮਤੇ ਪਾ ਕੇ ਦੇਣ ਤਾਂ ਕਿ ਪਹਿਲ ਦੇ ਆਧਾਰ ’ਤੇ ਮੋਘੇ ਲਗਵਾਏ ਜਾ ਸਕਣ। ਇਸ ਮੌਕੇ ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਕਰਨ ਸਿਹੌੜਾ, ਐੱਸਈ ਸੁਖਜੀਤ ਸਿੰਘ ਭੁੱਲ਼ਰ, ਐੱਸਡੀਓ ਰਾਹੁਲ ਵਰਮਾ, ਸਰਪੰਚ ਊਧਮ ਸਿੰਘ , ਸਰਪੰਚ ਲਖਵੀਰ ਸਿੰਘ, ਜਤਿੰਦਰ ਸਿੰਘ ਗਿੱਲ਼ , ਰਮਨਪ੍ਰੀਤ ਸਿੰਘ , ਸਤਵੀਰ ਸਿੰਘ ਸੀਰਾ, ਜੋਧਵੀਰ ਸਿੰਘ, ਨੰਬਰਦਾਰ ਰਣਧੀਰ ਸਿੰਘ , ਕਰਮਚੰਦ ਜੰਡਾਲੀ ਸਮੇਤ ਪਿੰਡ ਵਾਸੀ ਹਾਜ਼ਰ ਸਨ।