ਘੁਮਾਰ ਮੰਡੀ ਨੂੰ ਲਟਕਦੀਆਂ ਤਾਰਾਂ ਤੋਂ ਮਿਲੇਗਾ ਛੁਟਕਾਰਾ
ਬਿਜਲੀ ਮੰਤਰੀ ਨੇ ਪਾਵਰਕੌਮ ਦੇ ਪਾਇਲਟ ਪ੍ਰਾਜੈਕਟ ਦਾ ਜਾਇਜ਼ਾ ਲਿਆ; ਅਗਲੇ ਸਮੇਂ ’ਚ ਪੰਜਾਬ ਵਿੱਚ ਲਾਗੂ ਕਰਨ ਦਾ ਦਾਅਵਾ
ਸੂਬੇ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਅੱਜ ਲੁਧਿਆਣਾ ਵਿੱਚ ਪਾਵਰਕੌਮ ਦੇ ਪਾਵਰ ਲਾਈਨ ਅਪਗ੍ਰੇਡੇਸ਼ਨ ਮੇਕਓਵਰ ਪ੍ਰਾਜੈਕਟ ਦਾ ਘੁਮਾਰ ਮੰਡੀ ਵਿੱਚ ਨਿਰੀਖਣ ਕੀਤਾ। ਇਸ ਇਲਾਕੇ ਵਿੱਚ ਸੂਬੇ ਦਾ ਇਹ ਪਾਇਲਟ ਪ੍ਰਾਜੈਕਟ ਚੱਲ ਰਿਹਾ ਹੈ, ਜੋ ਕੈਬਨਿਟ ਮੰਤਰੀ ਸ੍ਰੀ ਅਰੋੜਾ ਦੇ ਹਲਕੇ ਵਿੱਚ ਸ਼ੁਰੂ ਹੋਇਆ ਹੈ। ਇਸ ਪ੍ਰਾਜੈਕਟ ਦੇ ਤਹਿਤ ਸੜਕਾਂ ਵਿਚਾਲੇ ਲਟਕਦੀਆਂ ਬਿਜਲੀ ਦੀਆਂ ਤਾਰਾਂ ਤੋਂ ਲੋਕਾਂ ਨੂੰ ਛੁਟਕਾਰਾ ਮਿਲੇਗਾ। ਇਸ ਨਵੇਂ ਪਾਇਲਟ ਪ੍ਰਾਜੈਕਟ ਤਹਿਤ ਸ਼ਹਿਰ ਦੀਆਂ ਸੜਕਾਂ ਤੋਂ ਬਿਜਲੀ ਦੀਆਂ ਤਾਰਾਂ ਦੇ ਜਾਲ ਖਤਮ ਕੀਤੇ ਜਾਣਗੇ। ਪੁਰਾਣੀ ਤਾਰਾਂ ਬਦਲ ਕੇ ਨਵੀਆਂ ਪਾਈਆਂ ਜਾਣਗੀਆਂ। ਨਿਰੀਖਣ ਦੌਰਾਨ ਸ੍ਰੀ ਅਰੋੜਾ ਨੇ ਦੱਸਿਆ ਕਿ ਇਹ ਪ੍ਰਾਜੈਕਟ ਓਵਰਹੈੱਡ ਬਿਜਲੀ ਜਾਲ ਨੂੰ ਆਧੁਨਿਕ ਬਣਾਏਗਾ, ਬਿਜਲੀ ਤੋਂ ਹੋਣ ਵਾਲੇ ਖ਼ਤਰਿਆਂ ਨੂੰ ਖਤਮ ਕਰੇਗਾ, ਬਿਜਲੀ ਬੰਦ ਹੋਣ ਦੇ ਮਾਮਲਿਆਂ ਵਿੱਚ ਇਸਦੇ ਨਾਲ ਕਮੀ ਆਵੇਗੀ ਤੇ ਸ਼ਹਿਰ ਦੀਆਂ ਸੜਕਾਂ ਨੂੰ ਹੋਰ ਵਧੀਆ ਦਿੱਖ ਵਾਲਾ ਬਣਾਏਗਾ। ਇਸਦੇ ਨਾਲ ਹੀ ਸੜਕਾਂ ’ਤੇ ਲਟਕ ਰਹੀਆਂ ਸਾਰੀਆਂ ਤਾਰਾਂ ਦੇ ਜਾਲ ਖਤਮ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਸਿਰਫ਼ ਅਪਗ੍ਰੇਡ ਕਰਨ ਵਾਲਾ ਪ੍ਰਾਜੈਕਟ ਨਹੀਂ ਬਲਕਿ ਪੂਰੀ ਤਰ੍ਹਾਂ ਬਦਲਾਅ ਵਾਲਾ ਕਦਮ ਹੈ, ਜੋ ਸ਼ਹਿਰ ਨੂੰ ਸੁੰਦਰ ਬਣਾਉਣ ਵਿੱਚ ਵੀ ਆਪਣਾ ਯੋਗਦਾਨ ਪਵੇਗਾ।
ਉਨ੍ਹਾਂ ਦੱਸਿਆ ਕਿ ਪਾਇਲਟ ਪ੍ਰਾਜੈਕਟ ਸਿਟੀ ਪੱਛਮੀ ਸਬ-ਡਿਵੀਜ਼ਨ ਵਿੱਚ 25 ਫੀਡਰਾਂ ਤੋਂ ਸ਼ੁਰੂ ਕੀਤਾ ਗਿਆ ਹੈ, ਜਿਸਦੇ ਲਈ ਟੈਂਡਰ ਅਲਾਟ ਹੋ ਚੁੱਕੇ ਹਨ। ਪਾਇਟਲ ਪ੍ਰਾਜੈਕਟ ਅਗਲੇ ਦੋ ਮਹੀਨਿਆਂ ਵਿੱਚ ਪੂਰਾ ਹੋਣ ਦੀ ਉਮੀਦ ਹੈ। ਸਫ਼ਲ ਤਰੀਕੇ ਦੇ ਨਾਲ ਕੰਮ ਹੋਣ ਤੋਂ ਬਾਅਦ ਇਸ ਮਾਡਲ ਨੂੰ ਪੰਜਾਬ ਦੀਆਂ 86 ਸਬ-ਡਿਵੀਜ਼ਨਾਂ ਵਿੱਚ ਲਾਗੂ ਕੀਤਾ ਜਾਵੇਗਾ। ਇਸ ਯੋਜਨਾ ਤਹਿਤ ਡਿਸ਼ ਕੇਬਲ, ਇੰਟਰਨੈੱਟ ਫਾਈਬਰ ਆਦਿ ਤਾਰਾਂ ਨੂੰ ਬਿਜਲੀ ਦੇ ਖੰਭਿਆਂ ਤੋਂ ਹਟਾਇਆ ਜਾਵੇਗਾ। ਇਸਦੇ ਨਾਲ ਥੱਲੇ ਲਟਕਦੀਆਂ ਤਾਰਾਂ ਨੂੰ ਉੱਚਾ ਕੀਤਾ ਜਾਵੇਗਾ। ਕਈ ਜੋੜਾਂ ਵਾਲੀਆਂ ਤਾਰਾਂ ਨੂੰ ਬਦਲਿਆ ਜਾਵੇਗਾ। ਬਿਜਲੀ ਮੰਤਰੀ ਸ੍ਰੀ ਅਰੋੜਾ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਇਹ ਪ੍ਰਾਜੈਕਟ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਤਾਰਾਂ ਹਟਾਉਣ ਲਈ ਬੀ ਐੱਸ ਐੱਨ ਐੱਲ ਦੇ ਐੱਸ ਡੀ ਓ ਨੂੰ ਫਾਲਤੂ ਦੇ ਲੱਗੇ ਖੰਭੇ ਹਟਾਉਣ ਲਈ ਹੁਕਮ ਜਾਰੀ ਕੀਤੇ ਗਏ ਹਨ। ਇਸ ਯੋਜਨਾ ਦੇ ਤਹਿਤ ਹਲਕਾ ਪੱਛਮੀ ਤੇ ਹਲਕਾ ਉੱਤਰੀ ਦੇ ਲੋਕਾਂ ਨੂੰ ਫਾਇਦਾ ਮਿਲੇਗਾ।

