ਗੁਰਿੰਦਰ ਸਿੰਘ
ਲੁਧਿਆਣਾ, 4 ਜੂਨ
ਹਲਕਾ ਪੱਛਮੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦੀ ਚੋਣ ਮੁਹਿੰਮ ਨੂੰ ਹੁਲਾਰਾ ਦਿੰਦਿਆਂ ਘੁੰਮਣ ਦੀ ਧੀ ਨੇ ਪੂਰੇ ਜ਼ੋਰ ਸ਼ੋਰ ਨਾਲ ਮੁਹਿੰਮ ਸੰਭਾਲ ਲਈ ਹੈ। ਇਸ਼ਿਵਨ ਔਰਤਾਂ ਦੇ ਗਰੁੱਪ ਨਾਲ ਵੱਖ ਵੱਖ ਥਾਈਂ ਮੀਟਿੰਗਾਂ ਕਰਕੇ ਆਪਣੇ ਪਿਤਾ ਲਈ ਵੋਟਾਂ ਮੰਗ ਰਹੀ ਹੈ। ਅੱਜ ਵਾਰਡ 58, 64 ਅਤੇ ਜੇ ਬਲਾਕ ਹਊਸਿੰਗ ਬੋਰਡ ਕਲੋਨੀ ਵਿੱਚ ਕੀਤੀਆਂ ਮੀਟਿੰਗਾਂ ਦੌਰਾਨ ਇਸ਼ਿਵਨ ਨੇ ਕਈ ਮੀਟਿੰਗਾਂ ਨੂੰ ਸੰਬੋਧਨ ਕੀਤਾ।
ਇਸ ਮੁਹਿੰਮ ਦੌਰਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਵੀ ਲਗਾਤਾਰ ਵਰਕਰ ਮੀਟਿੰਗਾਂ ਹੋ ਰਹੀਆਂ ਹਨ ਜਿਨ੍ਹਾਂ ਵਿੱਚ ਹਲਕਾਵਾਰ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਮੀਟਿੰਗਾਂ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਪੜ੍ਹੇ-ਲਿਖੇ ਅਤੇ ਇਮਾਨਦਾਰ ਸ਼ਖ਼ਸੀਅਤਾਂ ਦੇ ਮਾਲਕ ਹਨ। ਉਨ੍ਹਾਂ ਦੀ ਚੋਣ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਹੈ ਅਤੇ ਉਨ੍ਹਾਂ ਦੀ ਜਿੱਤ ਹਲਕੇ ਦੀ ਜਿੱਤ ਹੋਵੇਗੀ।
ਇਸ ਦੌਰਾਨ ਐਡਵੋਕੇਟ ਘੁੰਮਣ ਨੇ ਕਿਹਾ ਕਿ ਵੱਖ ਵੱਖ ਹਲਕਾ ਵਾਸੀਆਂ ਵੱਲੋਂ ਦਿੱਤੇ ਜਾ ਰਹੇ ਸਮਰਥਨ ਨਾਲ ਸਾਡੇ ਹੌਂਸਲੇ ਹੋਰ ਵੱਧ ਗਏ ਹਨ ਅਤੇ ਐਸਾ ਲੱਗ ਰਿਹਾ ਹੈ ਕਿ ਹਲਕਾ ਪੱਛਮੀ ਦੀ ਜਨਤਾ ਇਸ ਵਾਰ ਵੱਖਰੀ ਦਿਸ਼ਾ ਵਿੱਚ ਸੋਚ ਰਹੀ ਹੈ। ਇਸ ਮੌਕੇ ਸਰਬਜੀਤ ਸਿੰਘ ਝਿੰਜਰ, ਦਰਬਾਰਾ ਸਿਘ ਗੁਰੂ, ਕਮਲਜੀਤ ਸਿੰਘ ਰੋਜੀ ਬਰਕੰਦੀ, ਬਾਬਾ ਅਜੀਤ ਸਿੰਘ, ਜੱਥੇਦਾਰ ਨਛੱਤਰ ਸਿੰਘ, ਸਤਪਾਲ ਸਿੰਘ ਸਹਿਣਾ, ਰਣਜੀਤ ਸਿੰਘ ਢਿੱਲੋਂ, ਭੁਪਿੰਦਰ ਸਿੰਘ ਭਿੰਦਾ, ਰਜਿੰਦਰ ਸਿੰਘ ਰਾਜੂ ਅਤੇ ਰਵਿੰਦਰ ਸਿੰਘ ਬੇਦੀ ਵੀ ਹਾਜ਼ਰ ਸਨ।