ਗੰਗੋਤਰੀ ਧਾਮ ਦੇ ਮੁਖੀ ਵੱਲੋਂ ਹਰ ਧਰਮ ਦਾ ਸਤਿਕਾਰ ਕਰਨ ’ਤੇ ਜ਼ੋਰ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਮਾਰਚ
ਸ੍ਰੀ ਗੰਗੋਤਰੀ ਧਾਮ (ਉੱਤਰਾਖੰਡ) ਦੇ ਪ੍ਰਮੁੱਖ ਰਾਵਲ ਸ਼ਿਵ ਪ੍ਰਸਾਦ ਨੇ ਕਿਹਾ ਹੈ ਕਿ ਰਾਜਾਂ ਦੀ ਮਾਤ ਭਾਸ਼ਾ ਦੇ ਨਾਲ ਨਾਲ ਰਾਸ਼ਟਰੀ ਭਾਸ਼ਾ ਦਾ ਗਿਆਨ ਹੋਣਾ ਜ਼ਰੂਰੀ ਹੈ ਕਿਉਂਕਿ ਇਸ ਨਾਲ ਹੀ ਦੇਸ਼ ਦੀ ਏਕਤਾ, ਅਖੰਡਤਾ ਅਤੇ ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਹੋ ਸਕਦੀ ਹੈ। ਉਹ ਅੱਜ ਸਿੰਗਲਾ ਐਨਕਲੇਵ ਪੱਖੋਵਾਲ ਰੋਡ ਸਥਿਤ ਸ੍ਰੀ ਨੀਲ ਕੰਠ ਮਹਾਂਦੇਵ ਮੰਦਿਰ ਵਿਖੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਉਹ ਸ੍ਰੀ ਗੰਗੋਤਰੀ ਧਾਮ ਦੇ ਕਿਵਾੜ ਬੰਦ ਹੋਣ ਤੋਂ ਬਾਅਦ ਗੰਗਾ ਜਲ ਲੈ ਕੇ ਕਾਠਮੰਡੂ ਤੇ ਪਵਿੱਤਰ ਅਸਥਾਨ ਉੱਪਰ ਭੇਟ ਕਰਨ ਉਪਰੰਤ ਸਮੁੱਚੇ ਦੇਸ਼ ਦੇ ਦੌਰੇ ਦੌਰਾਨ ਸ੍ਰੀ ਤਰਸੇਮ ਸਿੰਗਲਾ ਦੇ ਸੱਦੇ ’ਤੇ ਇੱਥੇ ਪੁੱਜੇ ਹਨ। ਰਾਵਲ ਸ਼ਿਵ ਪ੍ਰਸਾਦ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਲੁਧਿਆਣੇ ਦੀ ਇੱਕ ਪ੍ਰਮੁੱਖ ਵਿੱਦਿਅਕ ਸੰਸਥਾ ਵੱਲੋਂ ਸਕੂਲ ਵਿੱਚ ਟਿੱਕਾ ਅਤੇ ਮੌਲੀ ਬਣ ਕੇ ਆਉਣ ਵਾਲੇ ਵਿਦਿਆਰਥੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਾਰਤੀ ਸੰਸਕ੍ਰਿਤੀ ਅਤੇ ਸਨਾਤਨੀ ਧਰਮ ਦੇ ਆਧਾਰ ’ਤੇ ਵਿਦਿਆਰਥੀਆਂ ਨਾਲ ਭੇਦ ਭਾਵ ਕਰਨ ਵਾਲੇ ਵਿੱਦਿਅਕ ਅਦਾਰਿਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਹੈ ਕਿ ਸਕੂਲ ਪ੍ਰਬੰਧਕਾਂ ਨੂੰ ਤੁਰੰਤ ਜਨਤਕ ਤੌਰ ’ਤੇ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਜੇਕਰ ਉਹ ਮੁਆਫ਼ੀ ਨਹੀਂ ਮੰਗਦੇ ਤਾਂ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲ ਕੇ ਸਕੂਲ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨਗੇ।
ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਨਾਤਨੀ ਧਰਮ, ਸੰਸਕ੍ਰਿਤੀ, ਪ੍ਰੰਪਰਾ ਅਤੇ ਵਿਰਸੇ ਨਾਲ ਜੋੜਨ ਲਈ ਅੱਗੇ ਹੋ ਕੇ ਕੰਮ ਕਰਨ। ਇਸ ਤੋਂ ਪਹਿਲਾਂ ਤਰਸੇਮ ਸਿੰਗਲਾ ਨੇ ਉਨ੍ਹਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਐਡਵੋਕੇਟ ਵਰਿੰਦਰ ਖਾਰਾ ਹਾਜ਼ਰ ਸਨ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਵਲ ਸ਼ਿਵ ਪ੍ਰਸ਼ਾਦ। -ਫੋਟੋ: ਗੁਰਿੰਦਰ ਸਿੰਘ