ਮੁੱਠਭੇੜ ਮਗਰੋਂ ਹਿਰਾਸਤ ’ਚ ਲਏ ਗਰੋਹ ਦਾ 8 ਦਿਨ ਦਾ ਰਿਮਾਂਡ
ਥਾਣਾ ਸਿੱਧਵਾਂ ਬੇਟ ਦੇ ਪਿੰਡ ਜੰਡੀ ਦੇ ਕੱਚੇ ਰਸਤੇ ਵਿੱਚ ਬੀਤੇ ਕੱਲ੍ਹ ਪੁਲੀਸ ਅਤੇ ਗੁੰਡਾ ਅਨਸਰਾਂ ਵਿੱਚ ਹੋਈ ਮੁੱਠਭੇੜ ਵਿੱਚ ਲੱਤ ਵਿੱਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਮੁਲਜ਼ਮ ਅਮਜਦ ਮਸੀਹ ਅਤੇ ਚਾਰ ਹੋਰਾਂ ਨੂੰ ਪੁਲੀਸ ਵੱਲੋਂ ਅੱਜ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਅਦਾਲਤ ਨੇ ਪੰਜਾਂ ਮੁਲਜ਼ਮਾਂ ਦਾ ਪੁਲੀਸ ਦੀ ਮੰਗ ਤੇ 8 ਦਿਨ ਦਾ ਰਿਮਾਂਡ ਦੇ ਦਿੱਤਾ ਹੈ। ਦੱਸਣਯੋਗ ਹੈ ਕਿ ਕੱਲ੍ਹ ਗੁੰਡਾ ਅਨਸਰਾਂ ਵੱਲੋਂ ਚਲਾਈ ਗੋਲੀ ਇੱਕ ਪੁਲੀਸ ਮੁਲਾਜ਼ਮ ਦੀ ਪੱਗ ਵਿੱਚ ਲੱਗ ਗਈ ਸੀ ਅਤੇ ਪੁਲੀਸ ਵੱਲੋਂ ਚਲਾਈ ਜਵਾਬੀ ਗੋਲੀ ਅਮਜਦ ਮਸੀਹ ਨਾਂ ਦੇ ਗੁੰਡੇ ਦੀ ਲੱਤ ਵਿੱਚ ਗੋਲੀ ਲੱਗਣ ਕਾਰਨ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਅੱਜ ਬਾਅਦ ਦੁਪਾਹਿਰ ਸਖਤ ਸੁਰੱਖਿਆ ਪਹਿਰੇ ਹੇਠ ਪੁਲੀਸ ਟੁੱਕੜੀ ਵੱਲੋਂ ਪੰਜਾਂ ਮੁਲਜ਼ਮਾਂ ਜਿੰਨ੍ਹਾਂ ਵਿੱਚ ਅਮਜਦ ਮਸੀਹ, ਅਰਜਨ ਸਿੰਘ ਉਰਫ ਤਾਜ, ਮਨਪ੍ਰੀਤ ਸਿੰਘ, ਬਲਰਾਜ ਸਿੰਘ,ਸਾਜਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅੱਜ ਦੀ ਕਾਰਵਾਈ ਬਾਰੇ ਐਸ.ਪੀ (ਡੀ) ਹਰਕਮਲ ਕੌਰ ਅਤੇ ਡੀ.ਐਸ.ਪੀ ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿੱਚ ਪਤਾ ਲੱਗਾ ਹੈ ਕਿ ਗਰੋਹ ਦਾ ਸਰਗਨਾ ਅਰਜਨ ਉਰਫ ਤਾਜ ਹੈ ਅਤੇ ਇਨ੍ਹਾਂ ਕੋਲੋਂ ਬਰਾਮਦ ਹੈਂਡ ਗ੍ਰਨੇਡ ਨਕੋਦਰ ਸ਼ਹਿਰ ਦੀ ‘ਕਪਾਨੀਆ ਬੇਕਰੀ’ ’ਤੇ ਦਾਗਿਆ ਜਾਣਾ ਸੀ। ਇਸ ਕੰਮ ਲਈ ਇਨ੍ਹਾਂ ਨੂੰ ਵਿਦੇਸ਼ ਬੈਠੇ ਗੈਂਗਸਟਰ ਨੇ ਲੱਖ ਰੁਪਏ ਦੇਣੇ ਸਨ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਬੇਕਰੀ ਵਾਲੇ ਨੂੰ ਪਿਛਲੇ ਦਿਨਾਂ ਤੋਂ ਫਿਰੌਤੀ ਲਈ ਧਮਕੀਆਂ ਮਿਲ ਰਹੀਆਂ ਸਨ। ਪੁਲੀਸ ਨੂੰ ਵਿਦੇਸ਼ ਬੈਠੇ ਗੈਂਗਸਟਰ ਦੀ ਆਈਡੀ ਮਿਲ ਗਈ ਹੈ।