ਤਰਕਾਰ ਮਗਰੋਂ ਚਾਕੂ ਮਾਰ ਕੇ ਦੋਸਤ ਦਾ ਕਤਲ
ਕਿਰਾਏ ਦੇ ਮਕਾਨ ’ਚ ਰਹਿੰਦੇ ਸਨ ਦੋਵੇਂ ਨੌਜਵਾਨ; ਪੁਲੀਸ ਵੱਲੋਂ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ
ਇੱਥੇ ਵਾਰਡ ਨੰਬਰ-2 ਰਾਈਮਾਜਰਾ ਵਿੱਚ ਇੱਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਸਬੰਧੀ ਥਾਣੇਦਾਰ ਹਰਦਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਈਮਾਜਰਾ ਵਿੱਚ ਦੋ ਦੋਸਤ ਹਰਮੰਗਤ ਸਿੰਘ (29) ਪੁੱਤਰ ਭਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ (32) ਪੁੱਤਰ ਜਰਨੈਲ ਸਿੰਘ ਦੋਵੇਂ ਵਾਸੀ ਪਾਇਲ ਰਾਈਮਾਜਰਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ। ਬੀਤੀ ਰਾਤ ਦੋਵਾਂ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤਾਂ ਜਸ਼ਨਪ੍ਰੀਤ ਸਿੰਘ ਨੇ ਹਰਮੰਗਤ ਸਿੰਘ ’ਤੇ ਚਾਕੂ ਨਾਲ ਵਾਰ ਕਰ ਦਿੱਤੇ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਹਰਦਮ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਹਰਮੰਗਤ ਸਿੰਘ ਦੀ ਮਾਤਾ ਸਰਬਜੀਤ ਕੌਰ ਦੇ ਬਿਆਨਾਂ ’ਤੇ ਜਸ਼ਨਪ੍ਰੀਤ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਦਾ ਚਾਲ ਚਲਣ ਸਹੀ ਨਾ ਹੋਣ ਕਰਕੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਪਹਿਲਾਂ ਹੀ ਬੇਦਖ਼ਲ ਕੀਤਾ ਹੋਇਆ ਹੈ ਅਤੇ ਉਸ ਦੇ ਖ਼ਿਲਾਫ਼ ਪਹਿਲਾਂ ਵੀ ਤਿੰਨ ਕੇਸ ਦਰਜ ਹਨ, ਜੋ ਕਈ ਵਾਰ ਜੇਲ੍ਹ ਵੀ ਜਾ ਚੁੱਕਾ ਹੈ।

