ਯੂਕੇ ਤੋਂ ਗਿਫਟ ਭੇਜਣ ਦੇ ਨਾਂ ’ਤੇ ਡੇਢ ਲੱਖ ਦੀ ਠੱਗੀ
ਸੋਸ਼ਲ ਮੀਡੀਆ ’ਤੇ ਦੋਸਤੀ ਕਰਨ ਤੋਂ ਬਾਅਦ ਇੱਕ ਵਿਅਕਤੀ ਨੇ ਜੋੜੇ ਨੂੰ ਯੂਕੇ ਤੋਂ ਤੋਹਫ਼ੇ ਭੇਜਣ ਦਾ ਵਾਅਦਾ ਕਰਕੇ 1.43 ਲੱਖ ਰੁਪਏ ਦੀ ਠੱਗੀ ਮਾਰੀ। ਮੁਲਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੱਖ-ਵੱਖ ਨੰਬਰਾਂ ਤੋਂ ਕਾਲ ਕੀਤੀ ਅਤੇ ਉਨ੍ਹਾਂ ਨੂੰ ਕਈ ਖਾਤਿਆਂ ਵਿੱਚ ਪੈਸੇ ਜਮ੍ਹਾਂ ਕਰਵਾਏ। ਸ਼ਿਕਾਇਤ ਮਿਲਣ ਮਗਰੋਂ ਪੁਲੀਸ ਕਮਿਸ਼ਨਰ ਨੇ ਸਾਈਬਰ ਸੈੱਲ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ।
ਪ੍ਰਾਪਤ ਜਾਣਕਾਰੀ ਮੁਤਾਬਕ ਭੱਟੀਆਂ ਦੇ ਰਹਿਣ ਵਾਲੇ ਰਾਜਕੁਮਾਰ ਨੇ ਦੱਸਿਆ ਕਿ ਉਹ ਇੱਕ ਹੌਜ਼ਰੀ ਫੈਕਟਰੀ ਵਿੱਚ ਕੰਮ ਕਰਦਾ ਹੈ। ਕੁਝ ਦਿਨ ਪਹਿਲਾਂ ਉਸ ਦੀ ਪਤਨੀ ਨੂੰ ਸੋਸ਼ਲ ਮੀਡੀਆ ’ਤੇ ਫਰੈਂਡ ਰਿਕਵੈਸਟ ਆਈ ਤੇ ਹੌਲੀ ਹੌਲੀ ਉਕਤ ਵਿਅਕਤੀ ਨੇ ਪਤਨੀ ਨਾਲ ਗੱਲਬਾਤ ਸ਼ੁਰੂ ਕੀਤੀ। ਵਿਅਕਤੀ ਨੇ ਆਪਣਾ ਨੰਬਰ ਵੀ ਦਿੱਤਾ ਤੇ ਦੱਸਿਆ ਕਿ ਉਹ ਇੰਗਲੈਂਡ ਤੋਂ ਹੈ। ਪਤਨੀ ਨੇ ਇਸ ਬਾਰੇ ਰਾਜ ਕੁਮਾਰ ਨੂੰ ਦੱਸਿਆ। ਉਕਤ ਵਿਅਕਤੀ ਨੇ ਆਪਣੇ ਜਨਮ ਦਿਨ ’ਤੇ ਤੋਹਫ਼ੇ ਦੀ ਮੰਗ ਕੀਤੀ ਤੇ ਜੋੜੇ ਵੱਲੋਂ ਆਪਣੀ ਅਸਮਰੱਥਾ ਜ਼ਾਹਰ ਕਰਨ ’ਤੇ ਉਸ ਨੇ ਖ਼ੁਦ ਤੋਹਫ਼ਾ ਭੇਜਣ ਦੀ ਗੱਲ ਆਖੀ। ਵਿਅਕਤੀ ਨੇ ਵਟਸਐਪ ’ਤੇ ਰਾਜ ਕੁਮਾਰ ਨਾਲ ਵੀ ਗੱਲ ਕੀਤੀ ਤੇ ਜ਼ਿੱਦ ਕੀਤੀ ਕਿ ਉਸ ਦਾ ਤੋਹਫ਼ਾ ਕਬੂਲ ਕਰੇ। ਵਿਅਕਤੀ ਨੇ ਕਿਹਾ ਕਿ ਉਹ ਕੂਰੀਅਰ ਰਾਹੀਂ ਬੱਚਿਆਂ ਤੇ ਪੂਰੇ ਪਰਿਵਾਰ ਲਈ ਕੁਝ ਪੈਸੇ ਅਤੇ ਕੱਪੜੇ ਭੇਜ ਰਿਹਾ ਹੈ।
ਅਗਲੇ ਦਿਨ ਰਾਜਕੁਮਾਰ ਨੂੰ ਕਾਲ ਆਈ ਤੇ ਕਾਲ ਕਰਨ ਵਾਲੇ ਨੇ ਕਿਹਾ ਕਿ ਉਹ ਮੁੰਬਈ ਹਵਾਈ ਅੱਡੇ ਤੋਂ ਬੋਲ ਰਿਹਾ ਹੈ ਤੇ ਤੋਹਫ਼ੇ ਲਈ ਕਸਟਮ ਡਿਊਟੀ 11 ਹਜ਼ਾਰ ਰੁਪਏ ਦੇਣੀ ਪਵੇਗੀ। ਕਾਲ ਕਰਨ ਵਾਲੇ ਨੇ ਤੋਹਫ਼ੇ ਵਿੱਚ ਲੱਖਾਂ ਰੁਪਏ ਦਾ ਕੈਸ਼ ਵਾਊਚਰ ਹੋਣ ਦੀ ਗੱਲ ਆਖੀ। ਉਸ ਨੇ ਫੀਸ ਭਰ ਦਿੱਤੀ। ਫਿਰ ਕੂਰੀਅਰ ਕੰਪਨੀ ਤੋਂ ਕਿਸੇ ਨੇ ਤੋਹਫ਼ੇ ਦੀ ਵੀਡੀਓ ਭੇਜੀ ਤੇ ਹੋਰ ਫੀਸ ਭਰਵਾਈ। ਇਸ ਮਗਰੋਂ ਤੋਹਫ਼ੇ ਵਿੱਚ 47 ਲੱਖ ਰੁਪਏ ਦੀ ਹੀਰੇ ਦੀ ਅੰਗੂਠੀ ਹੋਣ ਦੀ ਗੱਲ ਆਖ ਕੇ 20 ਹਜ਼ਾਰ ਹੋਰ ਠੱਗ ਲਏ। ਇਸ ਸਭ ਮਗਰੋਂ ਜਦੋਂ ਅਖੀਰ ਤੋਹਫ਼ਾ ਨਾ ਪਹੁੰਚਿਆ ਤਾਂ ਰਾਜ ਕੁਮਾਰ ਨੇ ਯੂਕੇ ਵਾਲੇ ਵਿਅਕਤੀ ਨੂੰ ਕਾਲ ਕੀਤੀ ਪਰ ਉਸ ਨੇ ਕਾਲ ਨਾ ਚੁੱਕੀ। ਜਿਸ ਮਗਰੋਂ ਉਸ ਪੁੁਲੀਸ ਨੂੰ ਸ਼ਿਕਾਇਤ ਕੀਤੀ।