ਵਪਾਰ ਦੇ ਮਾਮਲੇ ਵਿੱਚ ਧੋਖਾਧੜੀ
ਵਪਾਰ ਦੇ ਮਾਮਲੇ ਵਿੱਚ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਤਹਿਤ ਪੁਲੀਸ ਵੱਲੋਂ ਦੋ ਮਾਮਲਿਆਂ ਵਿੱਚ ਪਿਉ-ਪੁੱਤਰ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਥਾਣਾ ਮਾਡਲ ਟਾਊਨ ਦੀ ਪੁਲੀਸ ਨੇ ਰਾਜਨ ਸਤੀਜਾ ਵਾਸੀ ਮਾਡਲ ਟਾਊਨ ਦੀ ਸ਼ਿਕਾਇਤ ਤੇ ਭਾਸਵਤੀ ਰਾਉਲ ਵਾਸੀ ਕੇਅਰ ਆਫ ਮੈਡੀਸਨ ਪਰਾਧਾਨ ਪਾਰਾ (ਬੁੱਧਾਰਾਜਾ) ਉੜੀਸਾ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਰਾਜਨ ਸਤੀਜਾ ਨੇ ਦੱਸਿਆ ਹੈ ਕਿ ਉਸਦੀ ਕੰਪਨੀ ਪਾਸੋਂ 27 ਲੱਖ 57 ਹਜ਼ਾਰ 494 ਰੁਪਏ ਦੀਆਂ ਦਵਾਈਆਂ ਮੰਗਵਾ ਕੇ ਵੱਖ ਵੱਖ ਬੈਂਕਾਂ ਦੇ ਚੈੱਕ ਦਿੱਤੇ ਸਨ, ਜੋ ਬਾਊਂਂਸ ਹੋ ਗਏ ਹਨ। ਥਾਣੇਦਾਰ ਪਰਦੀਪ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਭਾਸਵਤੀ ਰਾਉਲ ਦੀ ਭਾਲ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਥਾਣਾ ਟਿੱਬਾ ਦੀ ਪੁਲੀਸ ਨੂੰ ਅਸ਼ਵਨੀ ਕੁਮਾਰ ਵਰਮਾ ਵਾਸੀ ਰਿਸ਼ੀ ਨਗਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਜਗਦੀਸ਼ ਕੁਮਾਰ ਅਤੇ ਉਸਦੇ ਪੁੱਤਰ ਰਾਹੁਲ ਵਾਸੀਅਨ 32 ਸੈਕਟਰ ਚੰਡੀਗੜ੍ਹ ਰੋਡ ਨੇ ਉਸ ਦੀ ਫਰਮ ਜਵਾਰ ਸੰਨਜ਼ ਟੈਕਸਟਾਈਲਜ਼ ਤੋਂ 5 ਲੱਖ 81 ਹਜ਼ਾਰ ਰੁਪਏ ਦਾ ਮਾਲ ਖਰੀਦ ਕੇ ਉਸ ਦੀ ਅਦਾਇਗੀ ਨਹੀਂ ਕੀਤੀ। ਪੁਲੀਸ ਵੱਲੋਂ ਅਸ਼ਵਨੀ ਕੁਮਾਰ ਦੀ ਸ਼ਿਕਾਇਤ ’ਤੇ ਦੋਹਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ