ਪੰਚਾਇਤ ਵੱਲੋਂ ਲਾਏ ਬੂਟਿਆਂ ਦੀ ਜਾਂਚ ਕਰਨ ਪਹੁੰਚੀ ਜੰਗਲਾਤ ਵਿਭਾਗ ਦੀ ਟੀਮ
ਪਿੰਡ ਵਾਸੀਆਂ ਵੱਲੋਂ ਪੰਚਾਇਤ ਦੇ ਲਾਏ ਬੂਟੇ ਨਿਯਮਾਂ ਮੁਤਾਬਕ ਨਾ ਹੋਣ ਦਾ ਦੋਸ਼
202 ਦਰੱਖ਼ਤ ਪੁੱਟਣ ਲਈ ਪੰਚਾਇਤ ਵੱਲੋਂ 1010 ਬੂਟੇ ਲਾਉਣ ਦਾ ਦਾਅਵਾ
ਬੋਪਾਰਾਏ ਕਲਾਂ ਤੋਂ ਸੁਧਾਰ ਨੂੰ ਜੋੜਦੀ ਸੰਪਰਕ ਸੜਕ ਚੌੜੀ ਕਰਨ ਦੀ ਆੜ ਹੇਠ ਪੁੱਟੇ ਜਾਣ ਵਾਲੇ ਢਾਈ ਦਹਾਕੇ ਪੁਰਾਣੇ 202 ਰੁੱਖਾਂ ਬਦਲੇ ਪਿੰਡ ਦੀ ਪੰਚਾਇਤ ਵੱਲੋਂ ਲਾਏ ਜਾਣ ਵਾਲੇ ਪੰਜ ਗੁਣਾ (1010) ਬੂਟਿਆਂ ਦੀ ਜਾਂਚ ਲਈ ਅੱਜ ਵਣ ਵਿਭਾਗ ਦੇ ਅਧਿਕਾਰੀਆਂ ਦੀ ਦੋ ਮੈਂਬਰੀ ਟੀਮ ਨੇ ਪਿੰਡ ਸੁਧਾਰ ਦਾ ਦੌਰਾ ਕੀਤਾ। ਵਣ ਗਾਰਡ ਪਰਮਿੰਦਰ ਕੌਰ ਅਤੇ ਹਰਨੀਤ ਕੌਰ ਜੰਗਲਾਤ ਅਫ਼ਸਰ ਮੁੱਲਾਂਪੁਰ ਨੇ ਪੰਚਾਇਤ ਵੱਲੋਂ ਪਿੰਡ ਦੀ ਸ਼ਮਸ਼ਾਨਘਾਟ, ਅਨਾਜ ਮੰਡੀ ਸਮੇਤ ਹੋਰ ਥਾਂਵਾਂ ’ਤੇ ਲਾਏ ਬੂਟਿਆਂ ਦਾ ਨਿਰੀਖਣ ਕੀਤਾ। ਇਸ ਮੌਕੇ ਇਕਬਾਲ ਸਿੰਘ ਗਿੱਲ, ਜਗਦੇਵ ਸਿੰਘ ਗਿੱਲ, ਇੰਦਰਜੀਤ ਸਿੰਘ ਗਿੱਲ ਅਤੇ ਗੁਰਦੀਪ ਸਿੰਘ ਗਿੱਲ ਨੇ ਵਣ ਵਿਭਾਗ ਦੀ ਟੀਮ ਨੂੰ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਖ਼ਾਨਾ-ਪੂਰਤੀ ਲਈ ਸ਼ਮਸ਼ਾਨਘਾਟ ਅਤੇ ਪਿੰਡ ਦੀ ਅਨਾਜ ਮੰਡੀ ਵਿੱਚ ਲਾਏ ਬੂਟਿਆਂ ਵਿੱਚ ਇੱਕਾ-ਦੁੱਕਾ ਬੂਟੇ ਹੀ ਨਿਯਮਾਂ ਦੀ ਕਸਵੱਟੀ ’ਤੇ ਖਰੇ ਉੱਤਰਦੇ ਹਨ।
ਵਣ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਨੇ ਖ਼ੁਲਾਸਾ ਕੀਤਾ ਹੈ ਕਿ ਨਿਯਮਾਂ ਅਨੁਸਾਰ ਰੁੱਖ ਪੁੱਟੇ ਜਾਣ ਤੋਂ ਪਹਿਲਾਂ ਪੰਜ ਗੁਣਾ ਰੁੱਖ ਲਾਉਣੇ ਜ਼ਰੂਰੀ ਹਨ, ਜਿਨ੍ਹਾਂ ਦੀ ਉਚਾਈ 4 ਫੁਟ ਤੋਂ ਘੱਟ ਨਹੀਂ ਹੋਣੀ ਚਾਹੀਦੀ। ਉਨ੍ਹਾਂ ਇਹ ਵੀ ਕਿਹਾ ਕਿ ਲਾਏ ਗਏ ਨਵੇਂ ਬੂਟਿਆਂ ਦੀ ਸੰਭਾਲ ਦੀ ਜ਼ਿੰਮੇਵਾਰੀ ਪੰਜ ਸਾਲ ਤੱਕ ਗਰਾਮ ਪੰਚਾਇਤ ਦੀ ਬਣਦੀ ਹੈ। ਜੰਗਲਾਤ ਅਧਿਕਾਰੀਆਂ ਦੀ ਟੀਮ ਨੇ ਨਵੇਂ ਲਾਏ ਗਏ ਬੂਟਿਆਂ ਦੇ ਬਚਾਅ ਲਈ ਕੋਈ ਇੰਤਜ਼ਾਮ ਨਾ ਕੀਤੇ ਜਾਣ ਦਾ ਵੀ ਨੋਟਿਸ ਲਿਆ ਹੈ। ਪਿੰਡ ਦੇ ਸਵੈ-ਸੇਵੀ ਕਾਰਕੁਨਾਂ ਵੱਲੋਂ ਪੁੱਟੇ ਜਾਣ ਵਾਲੇ ਰੁੱਖ ਵੀ ਜਾਂਚ ਟੀਮ ਨੂੰ ਦਿਖਾਏ, ਜਿਨ੍ਹਾਂ ਨੂੰ ਪੁੱਟਣ ਲਈ ਕੁਝ ਦਿਨ ਪਹਿਲਾਂ ਪਿੰਡ ਦੀ ਪੰਚਾਇਤ ਵੱਲੋਂ ਨਿਲਾਮੀ ਕੀਤੀ ਗਈ ਹੈ। ਜਾਂਚ ਟੀਮ ਦੇ ਅਧਿਕਾਰੀਆਂ ਅਨੁਸਾਰ ਉਹ ਜਲਦ ਹੀ ਜਾਂਚ ਰਿਪੋਰਟ ਜੰਗਲਾਤ ਵਿਭਾਗ ਦੇ ਉੱਚ-ਅਧਿਕਾਰੀਆਂ ਨੂੰ ਸੌਂਪ ਦੇਣਗੇ।