ਵਣ ਵਿਭਾਗ ਨੇ ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਢਾਹੀਆਂ
ਵਣ ਵਿਭਾਗ ਵੱਲੋਂ ਨੇੜਲੇ ਪਿੰਡ ਗੜ੍ਹੀ ਤਰਖਾਣਾ ਵਿੱਚ ਸਰਹਿੰਦ ਨਹਿਰ ਕਿਨਾਰੇ ਬਣੀਆਂ ਨਾਜਾਇਜ਼ ਝੁੱਗੀਆਂ ਉੱਪਰ ‘ਪੀਲਾ ਪੰਜਾ’ ਚਲਾ ਦਿੱਤਾ। ਇਸ ਤੋਂ ਬਾਅਦ ਰੋਹ ’ਚ ਆਏ ਪਰਵਾਸੀ ਮਜ਼ਦੂਰਾਂ ਵੱਲੋਂ ਖੰਨਾ-ਮਾਛੀਵਾੜਾ ਮਾਰਗ ਜਾਮ ਕਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਰਵਾਸੀ ਮਜ਼ਦੂਰਾਂ ਮਹੇਸ਼ ਦਾਸ, ਇੰਦੂ ਦੇਵੀ ਆਦਿ ਨੇ ਦੱਸਿਆ ਕਿ ਉਹ ਪਿਛਲੇ 15-20 ਸਾਲ ਤੋਂ ਇਸ ਜਗ੍ਹਾ ਉੱਪਰ ਰਹਿ ਰਹੇ ਹਨ, ਪਰ ਅੱਜ ਵਣ ਵਿਭਾਗ ਨੇ ਬਿਨਾਂ ਦੱਸੇ ਝੁੱਗੀਆਂ ਜੇਸੀਬੀ ਨਾਲ ਢਾਹ ਦਿੱਤੀਆਂ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਆਧਾਰ ਕਾਰਡ ਤੇ ਵੋਟਰ ਕਾਰਡ ਵੀ ਇਸੇ ਪਿੰਡ ਦੇ ਬਣੇ ਹੋਏ ਹਨ ਤੇ ਜਦੋਂ ਵੀ ਵੋਟਾਂ ਦਾ ਸਮਾਂ ਆਉਂਦਾ ਹੈ ਤਾਂ ਲੀਡਰ ਉਨ੍ਹਾਂ ਕੋਲ ਵੋਟਾਂ ਮੰਗਣ ਵੀ ਆਉਂਦੇ ਹਨ। ਵਣ ਵਿਭਾਗ ਦੀ ਇਸ ਕਾਰਵਾਈ ਤੋਂ ਰੋਹ ਵਿੱਚ ਆਏ ਪਰਵਾਸੀ ਮਜ਼ਦੂਰਾਂ ਨੇ ਮਾਛੀਵਾੜਾ-ਖੰਨਾ ਮਾਰਗ ਜਾਮ ਕਰ ਦਿੱਤਾ। ਇਸ ਬਾਰੇ ਸੂਚਨਾ ਮਿਲਣ ’ਤੇ ਥਾਣਾ ਮੁਖੀ ਮਾਛੀਵਾੜਾ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਪਰਵਾਸੀ ਮਜ਼ਦੂਰਾਂ ਨੂੰ ਸਮਝਾ ਕੇ ਜਾਮ ਖੁੱਲ੍ਹਵਾਇਆ।
ਇਸ ਸਬੰਧੀ ਥਾਣਾ ਮੁਖੀ ਮਾਛੀਵਾੜਾ ਹਰਵਿੰਦਰ ਸਿੰਘ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਵਲੋਂ ਜਾਮ ਖੁੱਲ੍ਹਵਾ ਕੇ ਆਵਾਜਾਈ ਬਹਾਲ ਕਰਵਾਈ ਗਈ ਹੈ। ਉਨ੍ਹਾਂ ਪਰਵਾਸੀ ਮਜ਼ਦੂਰਾਂ ਨੂੰ ਸਮਝਾਇਆ ਕਿ ਇਹ ਮਾਮਲਾ ਵਣ ਵਿਭਾਗ ਦਾ ਹੈ, ਜਿਸ ਸਬੰਧੀ ਉਹ ਉੱਚ ਅਫਸਰਾਂ ਨਾਲ ਸੰਪਰਕ ਕਰਨ।
ਵਿਭਾਗ ਨੇ ਆਪਣੀ ਥਾਂ ਵੇਹਲੀ ਕਰਵਾਈ ਹੈ: ਅਧਿਕਾਰੀ
ਵਣ ਵਿਭਾਗ ਦੇ ਅਫਸਰ ਸ਼ਮਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵਿਭਾਗ ਦੀ ਥਾਂ ਵੇਹਲੀ ਕਰਵਾਈ ਹੈ, ਜਿਸ ’ਤੇ ਪਰਵਾਸੀ ਮਜ਼ਦੂਰ ਨੇ ਲੰਮੇ ਸਮੇਂ ਤੋਂ ਕਬਜ਼ਾ ਕੀਤਾ ਹੋਇਆ ਸੀ। ਉਨ੍ਹਾਂ ਕਿਹਾ ਕਿ ਪਰਵਾਸੀ ਮਜ਼ਦੂਰਾਂ ਨੂੰ ਇਹ ਜਗ੍ਹਾ ਖਾਲੀ ਕਰਨ ਸਬੰਧੀ ਕਈ ਵਾਰੀ ਨੋਟਿਸ ਵੀ ਦਿੱਤਾ ਗਿਆ, ਪਰ ਉਨ੍ਹਾਂ ਇਸ ਸਬੰਧੀ ਕੋਈ ਅਣਸੁਣੀ ਨਹੀਂ ਕੀਤੀ, ਜਿਸ ਮਗਰੋਂ ਅੱਜ ਵਿਭਾਗ ਨੇ ਜੇਸੀਬੀ ਨਾਲ ਥਾਂ ਖਾਲੀ ਕਰਵਾਈ ਹੈ।