ਮਾਣੂੰਕੇ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਪੈਦਲ ਯਾਤਰਾ
ਵਿਧਾਇਕਾ ਨੇ ਸਕੂਲੀ ਬੱਚਿਆਂ ਸਣੇ ਹਾਜ਼ਰੀਨ ਨੂੰ ਨਸ਼ੇ ਨਾ ਕਰਨ ਦੀ ਸਹੁੰ ਚੁਕਾਈ
ਆਮ ਆਦਮੀ ਪਾਰਟੀ ਨਾਲ ਸਬੰਧਤ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਅਗਵਾਈ ਹੇਠ ਅੱਜ ਇਥੇ ਨਸ਼ਿਆਂ ਖ਼ਿਲਾਫ਼ ਪੈਦਲ ਯਾਤਰਾ ਕੱਢੀ ਗਈ। ਸਥਾਨਕ ਬੱਸ ਅੱਡੇ ਵਾਲੇ ਮੁੱਖ ਤਹਿਸੀਲ ਚੌਕ ਤੋਂ ਆਰੰਭ ਹੋਈ ਇਹ ਯਾਤਰਾ ਲਾਲਾ ਲਾਜਪਤ ਰਾਏ ਕਮੇਟੀ ਪਾਰਕ ਵਿੱਚ ਜਾ ਕੇ ਸਮਾਪਤ ਹੋਈ। ਇਸ ਵਿੱਚ ਵਿਧਾਇਕਾ ਮਾਣੂੰਕੇ ਸਣੇ ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ, ਕਾਲਜਾਂ ਤੇ ਸਕੂਲਾਂ ਦੇ ਬੱਚੇ ਅਤੇ ‘ਆਪ’ ਵਾਲੰਟੀਅਰ ਸ਼ਾਮਲ ਹੋਏ। ਇਨ੍ਹਾਂ ਨੂੰ ਕਮੇਟੀ ਪਾਰਕੇ ਵਿੱਚ ਬੀਬੀ ਮਾਣੂੰਕੇ ਨੇ ਨਸ਼ੇ ਨਾ ਕਰਨ ਦੀ ਸਹੁੰ ਵੀ ਚੁਕਾਈ। ਨਸ਼ਾ ਵਿਰੋਧੀ ਟੀਮ ਦੇ ਕੋਆਰਡੀਨੇਟਰ ਵਿਕਰਮਜੀਤ ਸਿੰਘ ਵਿੱਕੀ ਥਿੰਦ ਨੇ ਦੱਸਿਆ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਇਹ ਪੈਦਲ ਮਾਰਚ ਕੀਤਾ ਗਿਆ। ਇਸ ਦਾ ਉਦੇਸ਼ ਮੁਹਿੰਮ ਨੂੰ ਹੋਰ ਅਸਰਦਾਇਕ ਬਣਾਉਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਖ਼ਿਲਾਫ਼ ਸੁਨੇਹਾ ਦੇਣਾ ਸੀ, ਜਿਸ ਵਿੱਚ ਆਮ ਆਦਮੀ ਪਾਰਟੀ ਸਫ਼ਲ ਰਹੀ। ਪੈਦਲ ਮਾਰਚ ਦੌਰਾਨ ਵਿਦਿਆਰਥੀਆਂ ਦੇ ਹੱਥਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕ ਕਰਦੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਪਿਛਲੀਆਂ ਸਰਕਾਰਾਂ ਮੌਕੇ ਨਸ਼ਿਆਂ ਦੇ ਹੜ੍ਹ ਵਿੱਚ ਲੋਕਾਂ ਦੇ ਨੌਜਵਾਨ ਧੀਆਂ-ਪੁੱਤ ਰੁੜ੍ਹ ਗਏ ਪਰ ਅਕਾਲੀ- ਕਾਂਗਰਸੀ ਲੋਕਾਂ ਨੂੰ ਨਸ਼ਿਆਂ ਦੇ ਨਾਂ ’ਤੇ ਝੂਠੀ ਸਹੁੰ ਖਾ ਕੇ ਕੇਵਲ ਵੋਟਾਂ ਲੈਣ ਲਈ ਗੁੰਮਰਾਹ ਕਰਦੇ ਰਹੇ। ਪੰਜਾਬ ਵਿੱਚ ਜਦੋਂ ਤੋਂ ਭਗਵੰਤ ਮਾਨ ਦੀ ਅਗਵਾਈ ਹੇਠ ‘ਆਪ’ ਸਰਕਾਰ ਬਣੀ ਉਸੇ ਸਮੇਂ ਤੋਂ ਹੀ ਨਸ਼ਿਆਂ ਦੇ ਖ਼ਾਤਮੇ ਲਈ ਉਪਰਾਲੇ ਕੀਤੇ ਜਾ ਰਹੇ ਹਨ। ਨਸ਼ਾ ਵਿਰੋਧੀ ਮੁਹਿੰਮ ਤਹਿਤ ਵੱਡੇ ਸਮੱਗਲਰਾਂ ਨੂੰ ਵੀ ਜੇਲ੍ਹਾਂ ਵਿੱਚ ਡੱਕਿਆ ਗਿਆ ਹੈ।

