ਖੇਤਰੀ ਪ੍ਰਤੀਨਿਧ
, 17 ਜੁਲਾਈ
ਫੂਡ ਸੇਫਟੀ ਟੀਮ ਵੱਲੋਂ ਅੱਜ ਲੁਧਿਆਣਾ ਵਿੱਚ ਵੱਖ ਵੱਖ ਥਾਵਾਂ ’ਤੇ ਚੱਲ ਰਹੀਆਂ ਬੇਕਰੀਆਂ ’ਤੇ ਅਚਨਚੇਤ ਛਾਪੇਮਾਰੀ ਕਰਕੇ ਤਿਆਰ ਕੀਤੀਆਂ ਜਾਂਦੀਆਂ ਚੀਜ਼ਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਹਨ। ਜੇਕਰ ਜਾਂਚ ਦੌਰਾਨ ਇੰਨਾਂ ਵਿੱਚ ਕੋਈ ਕਮੀ ਪਾਈ ਗਈ ਤਾਂ ਸਬੰਧਤ ਬੇਕਰੀਆਂ ਵਾਲਿਆਂ ’ਤੇ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ।
ਜ਼ਿਲ੍ਹਾ ਸਿਹਤ ਅਫਸਰ ਡਾ. ਅਮਰਜੀਤ ਕੌਰ ਦੀ ਅਗਵਾਈ ਹੇਠ ਸ਼ਹਿਰ ਵਿੱਚ ਉਨਾਂ ਬੇਕਰੀਆਂ ਵਾਲਿਆਂ ’ਤੇ ਛਾਪੇਮਾਰੀ ਕੀਤੀ ਗਈ ਜਿਨ੍ਹਾਂ ਵੱਲੋਂ ਫਰੂਟ ਕੇਕ, ਬਣ, ਫੈਨ, ਰਸ, ਕਰੀਮ ਰੋਲ ਆਦਿ ਬਣਾਏ ਜਾਂਦੇ ਹਨ। ਇਸ ਟੀਮ ਅਨੁਸਾਰ ਜਾਂਚ ਦੌਰਾਨ ਕਈ ਬੇਕਰੀਆਂ ਵਿੱਚ ਸਫਾਈ ਦੀ ਭਾਰੀ ਕਮੀ ਪਾਈ ਗਈ। ਅਜਿਹੇ ਬੇਕਰੀਆਂ ਵਾਲਿਆਂ ਦਾ ਟੀਮ ਵੱਲੋਂ ਮੌਕੇ ’ਤੇ ਹੀ ਚਲਾਨ ਕੱਟੇ ਗਏ। ਇਸ ਤੋਂ ਇਲਾਵਾ ਇੰਨਾਂ ਬੇਕਰੀਆਂ ਵੱਲੋਂ ਤਿਆਰ ਕੀਤੀਆਂ ਚੀਜ਼ਾਂ ਦੇ ਸੈਂਪਲ ਵੀ ਲਏ ਗਏ। ਜਿਨ੍ਹਾਂ ਚੀਜ਼ਾਂ ਦੇ ਸੈਂਪਲ ਲਏ ਗਏ ਉਨ੍ਹਾਂ ’ਚ ਫਰੂਟ ਕੇਕ ਦੀਆਂ ਦੋ ਕਿਸਮਾਂ, ਕਰੀਮ, ਲੂਣ, ਵਰਤਿਆ ਹੋਇਆ ਤੇਲ, ਪਾਮੋਲੀਨ ਤੇਲ, ਮਿਲਕ ਕੇਕ, ਫੈਨ, ਕਰੀਮ ਰੋਲ ਆਦਿ ਸ਼ਾਮਿਲ ਹਨ। ਇਹ ਸਾਰੇ ਸੈਂਪਲ ਜਾਂਚ ਲਈ ਮੁੱਖ ਲੈਬ ਵਿੱਚ ਭੇਜੇ ਗਏ ਹਨ। ਰਿਪੋਰਟ ਆਉਣ ’ਤੇ ਭਵਿੱਖ ਵਿੱਚ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ। ਡਾ. ਅਮਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਲੋਕਾਂ ਨੂੰ ਵਧੀਆ ਅਤੇ ਸਾਫ-ਸੁਥਰੀਆਂ ਚੀਜ਼ਾਂ ਮੁਹੱਈਆ ਕਰਵਾਉਣੀਆਂ ਹਨ। ਜਿੰਨਾਂ ਬੇਕਰੀਆਂ ਵਿੱਚ ਗੰਦਗੀ ਪਾਈ ਜਾਵੇਗੀ, ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫੂਡ ਸੇਫਟੀ ਟੀਮ ਵੱਲੋਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਂਚ ਜਾਰੀ ਰੱਖੀ ਜਾਵੇਗੀ।