ਲੋਕ ਸੰਗੀਤ ਟੀਮ ਵੱਲੋਂ ਓਮਾਨ ਵਿੱਚ ਗਤਕੇ ਦੀ ਪੇਸ਼ਕਾਰੀ
ਗਲੋਬਲ ਹੈਰੀਟੇਜ ਐਕਸਪੋਨੈਂਟ ਅਤੇ ਕੌਂਸਿਲ ਦੇ ਡਾਇਰੈਕਟਰ ਡਾ. ਦਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਗਈ 16 ਮੈਂਬਰੀ ਲੋਕ ਸੰਗੀਤ ਟੀਮ ਨੇ ਵਿਸ਼ਵ ਪੱਧਰੀ ਲੋਕ ਮੇਲੇ ‘ਸਲਲਾਹ ਇੰਟਰਨੈਸ਼ਨਲ ਫੋਕ ਫੈਸਟੀਵਲ’ ਸਲਤਨਤ ਆਫ ਓਮਾਨ ਵਿੱਚ ਪੇਸ਼ਕਾਰੀਆਂ ਦੇ ਕੇ ਦੇਸ਼ ਅਤੇ ਪੰਜਾਬ ਦਾ ਨਾਮ ਵਿਸ਼ਵ ਪੱਧਰ ’ਤੇ ਹੋਰ ਉੱਚਾ ਕੀਤਾ। ਇਸ 16 ਮੈਂਬਰੀ ਟੀਮ ਵਿੱਚੋਂ ਡਾ. ਦਵਿੰਦਰ ਸਿੰਘ ਛੀਨਾ, ਬੰਸੀ ਲਾਲ, ਬਲਜਿੰਦਰ ਸਿੰਘ, ਗਗਨਦੀਪ ਸਿੰਘ ਨਨਰਹੇ, ਮਨਦੀਪ ਸਿੰਘ ਲੋਟੇ, ਨਵਪ੍ਰੀਤ ਕੌਰ ਲੋਟੇ ਅਤੇ ਕ੍ਰਿਸ਼ਨ ਕੁਮਾਰ ਆਦਿ ਸੱਤ ਮੈਂਬਰ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਸਨ।
ਡਾ. ਛੀਨਾ ਨੇ ਦੱਸਿਆ ਕਿ ਇਸ ਲੋਕ ਮੇਲੇ ਵਿੱਚ ਸਲੋਵਾਕੀਆ, ਬੁਲਗਾਰੀਆ, ਇਟਲੀ, ਰੂਸ, ਓਮਾਨ, ਭਾਰਤ, ਫਿਲੀਪੀਨਜ਼, ਮੈਕਸੀਕੋ ਅਤੇ ਯੂਰਪੀਅਨ ਦੇਸ਼ਾਂ ਦੇ ਕਲਾਕਾਰਾਂ ਸਮੇਤ 16 ਤੋਂ ਵੱਧ ਦੇਸ਼ ਦੇ ਲੋਕ ਕਲਾਕਾਰਾਂ ਨੇ ਭਾਗ ਲਿਆ। ਮੇਲੇ ਵਿੱਚ ਪੰਜਾਬੀ ਵਿਰਾਸਤੀ ਪ੍ਰੋਗਰਾਮ ਵਿੱਚ ਭੰਗੜਾ, ਗਿੱਧਾ, ਜਿੰਦੂਆ, ਮਲਵਈ ਗਿੱਧਾ, ਢੋਲ ਦੀ ਥਾਪ, ਲੋਕ ਗਾਇਕਾ ਹਰਿੰਦਰ ਕੌਰ ਹੁੰਦਲ ਵੱਲੋਂ ਲੋਕ ਗੀਤ ‘ਜੁਗਨੀ ਅਤੇ ਬੋਲੀਆਂ’, ਨਵਪ੍ਰੀਤ ਕੌਰ ਲੋਟੇ ਵੱਲੋਂ ਸੋਲੋ ਡਾਂਸ ਦੀ ਪੇਸ਼ਕਾਰੀ ਕੀਤੀ ਗਈ। ਸਿੱਖ ਵਿਰਾਸਤੀ ਸ਼ੋਅ ਵਿੱਚ ਗੱਤਕਾ ਐਸੋਸੀਏਸ਼ਨ ਪੰਜਾਬ ਦੇ ਗੱਤਕਾ ਕਲਾਕਾਰਾਂ ਨੇ ਸਿੱਖ ਮਾਰਸ਼ਲ ਆਰਟਸ ਗੱਤਕਾ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਇਸ ਮੌਕੇ ਇੰਡੀਅਨ ਸ਼ੋਸ਼ਲ ਕਲੱਬ,ਸਲਾਲਾ ਦੇ ਪ੍ਰਧਾਨ ਰਾਕੇਸ਼ ਕੁਮਾਰ ਝਾਅ, ਕਾਮੰਥ ਅਤੇ ਗੁਰਦੁਆਰਾ ਸਲਾਲਾ ਦੇ ਪ੍ਰਧਾਨ ਰਣਜੀਤ ਸਿੰਘ, ਦਲਬੀਰ ਸਿੰਘ ਦੀ ਅਗਵਾਈ ਵਿੱਚ ਟੀਮ ਡਾਇਰੈਕਟਰ ਡਾ. ਛੀਨਾ, ਬਲਜਿੰਦਰ ਸਿੰਘ , ਜ਼ੋਰਾਵਰ ਸਿੰਘ ਅਤੇ ਟੀਮ ਦੇ ਮੈਂਬਰਾਂ ਨੂੰ ਸਲਾਲਾ ਫੈਸਟ ਦੇ ਗਲੋਬਲ ਪਲੇਟਫਾਰਮ ’ਤੇ ਵਿਸ਼ਵ ਦੇ ਦੇਸ਼ਾਂ ਦੇ ਲੋਕਾਂ ਵਿੱਚ ਭਾਰਤ ਦੇ ਲੋਕ ਸੱਭਿਆਚਾਰ ਅਤੇ ਸਿੱਖ ਵਿਰਸੇ ਨੂੰ ਵੱਡੇ ਪੱਧਰ ’ਤੇ ਪ੍ਰਸਾਰਿਤ ਕਰਨ ਵਿੱਚ ਨਿਭਾਏ ਯੋਗਦਾਨ ਬਦਲੇ ਸਨਮਾਨਿਤ ਕੀਤਾ ਗਿਆ। ਡਾ. ਛੀਨਾ ਨੇ ਦੱਸਿਆ ਕਿ ਕੌਂਸਲ ਨੇ 2001 ਵਿੱਚ ਲਿਥੁਆਨੀਆ ਤੋਂ ਆਪਣੀ ਗਲੋਬਲ ਫੈਸਟੀਵਲ ਯਾਤਰਾ ਦੀ ਸ਼ੁਰੂਆਤ ਕੀਤੀ ਅਤੇ ਪਿਛਲੇ 25 ਸਾਲਾਂ ਵਿੱਚ ਕਈ ਅੰਤਰ-ਰਾਸ਼ਟਰੀ ਫੋਕ ਫੈਸਟੀਵਲਜ਼ ’ਚ ਪੰਜਾਬ ਤੇ ਸਿੱਖ ਵਿਰਾਸਤ ਨੂੰ ਰੁਸ਼ਨਾਇਆ।