ਰਾਜਸਥਾਨ ਤੋਂ ਆ ਰਹੀ ਬੱਸ ’ਚੋਂ ਪੰਜ ਕੁਇੰਟਲ ਮਿਲਾਵਟੀ ਖੋਆ ਬਰਾਮਦ
ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਸਿਹਤ ਵਿਭਾਗ ਦੀ ਟੀਮ ਵੱਲੋਂ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਜਾਂਚ ਹੋਰ ਤੇਜ਼ ਕਰ ਦਿੱਤੀ ਗਈ ਹੈ। ਇਸੇ ਤਹਿਤ ਅੱਜ ਸਿਹਤ ਵਿਭਾਗ ਨੇ ਪ੍ਰਾਪਤ ਹੋਈ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਰਾਜਸਥਾਨ ਤੋਂ ਆ ਰਹੀ ਇੱਕ ਬੱਸ ਵਿੱਚੋਂ ਪੰਜ ਕੁਇੰਟਲ ਖੋਆ ਮਠਿਆਈਆਂ ਬਰਾਮਦ ਕੀਤੀਆਂ ਹਨ। ਟੀਮ ਦੀ ਅਗਵਾਈ ਡੀਐੱਚਓ ਡਾ. ਅਮਰਜੀਤ ਕੌਰ ਕਰ ਰਹੇ ਸਨ। ਜਾਂਚ ਦੌਰਾਨ, ਟੀਮ ਨੇ ਪੰਜ ਕੁਇੰਟਲ ਮਿਲਾਵਟੀ ਖੋਆ, ਪਤੀਸਾ ਤੇ ਰਸਗੁੱਲੇ ਬਰਾਮਦ ਕੀਤੇ। ਟੀਮ ਨੇ ਮਠਿਆਈ ਆਪਣੇ ਕਬਜ਼ੇ ਹੇਠ ਲੈ ਕੇ ਸੈਂਪਲ ਜਾਂਚ ਲਈ ਵੀ ਭੇਜੇ ਹਨ। ਇਸ ਸਬੰਧੀ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਅਮਰਜੀਤ ਕੌਰ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਰਾਜਸਥਾਨ ਤੋਂ ਆ ਰਹੀ ਇੱਕ ਬੱਸ ਵਿੱਚ ਵੱਡੀ ਮਾਤਰਾ ਵਿੱਚ ਖੋਆ, ਪਤੀਸਾ ਅਤੇ ਰਸਗੁੱਲੇ ਸਮੇਤ ਹੋਰ ਸਾਮਾਨ ਆ ਰਿਹਾ ਹੈ ਜੋ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਸ਼ਹਿਰ ਵਿੱਚ ਕਈ ਦੁਕਾਨਾਂ ’ਤੇ ਸਪਲਾਈ ਕੀਤਾ ਜਾਣਾ ਸੀ। ਸੂਚਨਾ ਮਿਲਣ ’ਤੇ ਉਨ੍ਹਾਂ ਟੀਮ ਤਿਆਰ ਕਰਕੇ ਕਾਰਵਾਈ ਲਈ ਭੇਜੀ ਤੇ ਬੱਸ ਨੂੰ ਘੇਰ ਕੇ ਤਲਾਸ਼ੀ ਲਈ ਗਈ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਤੋਂ ਬਾਅਦ ਵਿਭਾਗ ਵੱਲੋਂ ਖਾਣ-ਪੀਣ ਦੀਆਂ ਚੀਜ਼ਾਂ ਸਬੰਧੀ ਜਾਂਚ ਹੋਰ ਸਖ਼ਤ ਕਰ ਦਿੱਤੀ ਗਈ ਹੈ।