ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੰਜਾਬੀ ਭਵਨ ਵਿੱਚ ਲੱਗੇਗਾ ਪੰਜ ਰੋਜ਼ਾ ਕੌਮੀ ਪੁਸਤਕ ਮੇਲਾ

ਐੱਨਬੀਟੀ ਦੀ ਸ਼ਮੂਲੀਅਤ ਲਈ ਕੀਤੀ ਜਾ ਰਹੀ ਪਹੁੰਚ: ਡਾ. ਪੰਧੇਰ
Advertisement

ਖੇਤਰੀ ਪ੍ਰਤੀਨਿਧ

ਲੁਧਿਆਣਾ, 18 ਜੂਨ

Advertisement

ਪੰਜਾਬੀ ਸਾਹਿਤ ਅਕਾਦਮੀ ਵੱਲੋਂ ਪਿਛਲੇ ਸਾਲ ਵਾਂਗ ਇਸ ਵਾਰ ਵੀ ਪੰਜਾਬੀ ਭਵਨ ਵਿੱਚ ਪੰਜ ਰੋਜ਼ਾ ਕੌਮੀ ਪੁਸਤਕ ਮੇਲਾ ਲਾਇਆ ਜਾ ਰਿਹਾ ਹੈ। ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦੱਸਿਆ ਕਿ ਇਸ ਮੇਲੇ ਵਿੱਚ ਨੈਸ਼ਨਲ ਬੁੱਕ ਟਰੱਸਟ (ਐਨਬੀਟੀ) ਦੀ ਸ਼ਮੂਲੀਅਤ ਕਰਵਾਉਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ।

ਭਾਰਤ ਵਿੱਚ ਪੁਸਤਕ ਪ੍ਰਚਾਰ ਗਤੀਵਿਧੀਆ ਕਰਵਾਉਣ ਲਈ ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ ਵੱਲੋਂ ਐਨਜੀਓਜ਼, ਸਵੈਇੱਛੁਕ ਸੰਗਠਨਾਂ, ਯੂਨੀਵਰਸਿਟੀਆਂ, ਵਿਦਿਆਰਥ ਸੰਸਥਾਵਾਂ ਤੋਂ ਪ੍ਰਸਤਾਵਾਂ ਦੀ ਮੰਗ ਕੀਤੀ ਜਾਂਦੀ ਹੈ। ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਨੇ ਵੀ ਪੰਜਾਬੀ ਭਵਨ ਵਿੱਚ ਪੁਸਤਕ ਮੇਲਾ ਲਗਾਉਣ ਦਾ ਆਪਣਾ ਪ੍ਰਸਤਾਵ ਭੇਜਿਆ ਹੈ। ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦੱਸਿਆ ਕਿ ਅਕਾਦਮੀ ਵੱਲੋਂ ਪਿਛਲੇ ਸਾਲ ਪਹਿਲੀ ਵਾਰ ਪੁਸਤਕ ਮੇਲਾ ਲਾਇਆ ਸੀ ਜੋ ਪੂਰੀ ਤਰ੍ਹਾਂ ਸਫਲ ਰਿਹਾ ਸੀ। ਉਸ ਤੋਂ ਪ੍ਰਭਾਵਿਤ ਹੋ ਕੇ ਅਕਾਦਮੀ ਵੱਲੋਂ ਇਸ ਸਾਲ ਵੀ ਨਵੰਬਰ 21, 22, 23, 24 ਤੇ 25 ਨੂੰ ਪੰਜ ਦਿਨਾਂ ਕੌਮਾਂਤਰੀ ਪੁਸਤਕ ਮੇਲਾ ਲਾਇਆ ਜਾ ਰਿਹਾ ਹੈ। ਇਸ ਸਬੰਧੀ ਐਨਬੀਟੀ ਵੱਲੋਂ ਮੰਗਿਆ ਪ੍ਰਸਾਤਵ ਵੀ ਭੇਜ ਦਿੱਤਾ ਗਿਆ। ਇਹ ਫੈਸਲਾ ਅਕਾਦਮੀ ਦੀ ਪ੍ਰਬੰਧਕੀ ਬੋਰਡ ਦੀ ਮੀਟਿੰਗ ਵਿੱਚ ਫਾਈਨਲ ਹੋ ਚੁੱਕਾ ਹੈ।

ਡਾ. ਪੰਧੇਰ ਨੇ ਦੱਸਿਆ ਕਿ ਐਨਬੀਟੀ ਵੱਲੋਂ ਪ੍ਰਸਤਾਵ ਪਾਸ ਹੋਣ ਨਾਲ ਇਹ ਮੇਲਾ ਕੌਮੀ ਪੱਧਰ ਦਾ ਹੋ ਜਾਵੇਗਾ ਅਤੇ ਪਾਠਕਾਂ ਨੂੰ ਸਿਰਫ ਪੰਜਾਬੀ ਦੇ ਹੀ ਨਹੀਂ ਸਗੋਂ ਹੋਰ ਭਾਸ਼ਾਵਾਂ ਦੇ ਲੇਖਕਾਂ ਦੀਆਂ ਅਨੁਵਾਦ ਕੀਤੀਆਂ ਪੁਸਤਕਾਂ ਪੜ੍ਹਨ ਅਤੇ ਖ੍ਰੀਦਣ ਦਾ ਮੌਕਾ ਵੀ ਮਿਲੇਗਾ। ਉਨ੍ਹਾਂ ਕਿਹਾ ਕਿ ਅਕਾਦਮੀ ਵੱਲੋਂ ਇਸ ਮੇਲੇ ਨੂੰ ਵੀ ਪੂਰੀ ਤਰ੍ਹਾਂ ਸਫਲ ਬਣਾਉਣ ਲਈ ਹੁਣ ਤੋਂ ਹੀ ਤਿਆਰੀਆਂ ਅਰੰਭ ਦਿੱਤੀਆਂ ਗਈਆਂ ਹਨ। ਇੱਥੇ ਦੱਸਣਯੋਗ ਹੈ ਕਿ ਅਕਾਮਡੀ ਵੱਲੋਂ ਪੰਜਾਬੀ ਭਵਨ ਵਿੱਚ ਹੀ ਇੱਕ ਲਾਈਬ੍ਰੇਰੀ ਚਲਾਈ ਜਾ ਰਹੀ ਹੈ ਜਿੱਥੇ ਹਜ਼ਾਰਾਂ ਦੁਰਲੱਭ ਪੁਸਤਕਾਂ ਦਾ ਖਜ਼ਾਨਾ ਪਿਆ ਹੈ। ਇਹ ਲਾਈਬ੍ਰੇਰੀ ਪੀਐਚਡੀ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਨੌਜਵਾਨਾਂ ਲਈ ਖਜ਼ਾਨੇ ਤੋਂ ਘੱਟ ਨਹੀਂ ਹੈ। ਹੁਣ ਅਕਾਦਮੀ ਨੇ ਇੱਥੇ ਬੁੱਕ ਬੈਂਕ ਵੀ ਬਣਾ ਦਿੱਤਾ ਹੈ। ਕੋਈ ਵੀ ਵਿਦਿਆਰਥੀ ਇੱਥੋਂ ਪੁਸਤਕ ਪੜ੍ਹਨ ਲਈ ਲੈ ਕੇ ਜਾ ਸਕੇਗਾ ਅਤੇ ਪੜ੍ਹਨ ਤੋਂ ਬਾਅਦ ਵਾਪਸ ਜਮ੍ਹਾਂ ਕਰਵਾ ਸਕਦਾ ਹੈ।

Advertisement