ਭੁੱਕੀ, ਹੈਰੋਇਨ ਤੇ ਹੋਰਨਾਂ ਨਸ਼ੀਲੇ ਪਦਾਰਥਾਂ ਸਣੇ ਪੰਜ ਕਾਬੂ
ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੀ ਪੁਲੀਸ ਨੇ ਵੱਖ-ਵੱਖ ਥਾਵਾਂ ਤੋਂ 5 ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ 2.80 ਕੁਇੰਟਲ ਭੁੱਕੀ ਚੂਰਾ, ਹੈਰੋਇਨ ਅਤੇ ਨਸ਼ੇ ਵਾਲੀਆਂ ਗੋਲੀਆਂ, ਮੋਟਰਸਾਈਕਲ ਅਤੇ ਇੱਕ ਗੱਡੀ ਕਬਜ਼ੇ ਵਿੱਚ ਲਿਆ ਹੈ।ਥਾਣਾ ਸੀ.ਆਈ.ਏ ਦੇ ਸਬ-ਇੰਸਪੈਕਟਰ ਗੁਰਸੇਵਕ ਸਿੰਘ ਸਾਥੀ ਮੁਲਾਜ਼ਮਾਂ ਨਾਲ ਸ਼ੇਰ ਸ਼ਾਹ ਸੂਰੀ ਮਾਰਗ ’ਤੇ ਬੱਸ ਸਟੈਂਡ ਚੌਕੀਮਾਨ ਵਿਖੇ ਮੌਜੂਦ ਸਨ। ਉੱਥੇ ਹੀ ਕਿਸੇ ਖਾਸ ਸੂਹੀਏ ਨੇ ਸੂਚਨਾ ਦਿੱਤੀ ਕਿ ਸ਼ਿਵ ਕੁਮਾਰ ਅਤੇ ਵਿਜੇ ਕੁਮਾਰ ਉਰਫ ਲਾਡੀ ਜੋ ਕਿ ਦੋਵੇਂ ਸਕੇ ਭਰਾ ਹਨ ਅਤੇ ਰੋਪੜ ਜਿਲੇ ਦੇ ਪਿੰਡ ਖੇੜਾ ਕਲਮੋਟ ਦੇ ਵਸਨੀਕ ਹਨ। ਇਹ ਦੋਵੇਂ ਭਰਾ ਭਾਰੀ ਮਾਤਰਾ ’ਚ ਭੁੱਕੀ ਚੂਰਾ ਲਿਆ ਕੇ ਪੰਜਾਬ ਭਰ ਵਿੱਚ ਸਪਲਾਈ ਕਰਦੇ ਹਨ। ਮੁਖਬਰ ਨੇ ਦੱਸਿਆ ਕਿ ਉਹ ਅੱਜ ਆਪਣੀ ਗੱਡੀ ਵਿੱਚ ਭੁੱਕੀ ਚੂਰਾ ਲੁੱਕੋ ਕੇ ਸੁਧਾਰ, ਸੂਜਾਪੁਰ ਹੁੰਦੇ ਹੋਏ ਪਿੰਡ ਕੁਲਾਰ ਵੱਲ ਨੂੰ ਆ ਰਹੇ ਹਨ। ਪੁਲੀਸ ਨੇ ਮਿਲੀ ਸੂਚਨਾ ’ਤੇ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਕਾਬੂ ਕੀਤਾ ਤੇ ਗੱਡੀ ਦੀ ਤਲਾਸ਼ੀ ਲਈ ਤਾਂ ਉਪਰ ਲੁੱਕਾ ਕੇ ਰੱਖਿਆ 2.80 ਕੁਇੰਟਲ ਭੁੱਕੀ ਚੂਰਾ ਮਿਲਿਆ। ਪੁਲੀਸ ਨੇ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਪੁਲੀਸ ਰਿਮਾਂਡ ਹਾਸਲ ਕਰ ਲਿਆ ਹੈ। ਦੋਵਾਂ ਖਿਲਾਫ ਥਾਣਾ ਸਦਰ’ਚ ਕੇਸ ਦਰਜ਼ ਕੀਤਾ ਗਿਆ ਹੈ।
ਕਾਂਉਕੇ ਕਲਾਂ ਪੁਲੀਸ ਚੌਕੀ ਦੇ ਸਹਾਇਕ ਸਬ-ਇੰਸਪੈਕਟਰ ਧਰਮਿੰਦਰ ਸਿੰਘ ਟੀ-ਪੁਆਇੰਟ ਨਾਕੇ ਤੋਂ ਕਮਲਪ੍ਰੀਤ ਸਿੰਘ ਉਰਫ ਕਮਲ ਵਾਸੀ ਸਿੱਧਵਾਂ ਕਲਾਂ ਨੂੰ ਮੋਟਰਸਾਈਕਲ ਸਮੇਤ ਹਿਰਾਸਤ ਵਿੱਚ ਲੈ ਕੇ ਉਸ ਕੋਲੋਂ 10.3 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਚੌਕੀ ਚੌਕੀਮਾਨ ਦੇ ਸਬ-ਇੰਸਪੈਕਟਰ ਸੁਰਜੀਤ ਸਿੰਘ ਨੇ ਮਨਪ੍ਰੀਤ ਸਿੰਘ ਉਰਫ ਗੋਲਾ ਨੂੰ ਪਿੰਡ ਸੋਹੀਆਂ ਕੋਲੋਂ ਸ਼ੱਕੀ ਹਾਲਤ ਵਿੱਚ ਗ੍ਰਿਫਤਾਰ ਕਰਕੇ ਉਸਦੀ ਵੀਡੀਓ ਗ੍ਰਾਫੀ ਰਾਂਹੀ ਤਲਾਸ਼ੀ ਲਈ ਉਸ ਕੋਲੋਂ 30 ਨਸ਼ੇ ਵਾਲੀਆਂ ਗੋਲੀਆਂ ਮਿਲੀਆ।ਪੁਲੀਸ ਚੌਕੀ ਭੂੰਦੜੀ ਦੇ ਸਹਾਇਕ ਸਬ-ਇੰਸਪੈਕਟਰ ਮਨਜੀਤ ਸਿੰਘ ਨੇ ਗੁਪਤ ਸੂਚਨਾਂ ਤੇ ਸ਼ਮਸ਼ਾਨ ਘਾਟ ਭੂੰਦੜੀ ਚੋਂ ਨਸ਼ੇ ਵਾਲੀਆਂ ਗੋਲੀਆਂ ਵੇਚਣ ਵਾਲੇ ਮਨਜੀਤ ਸਿੰਘ ਵਾਸੀ ਪਿੰਡ ਵਿਰਕ ਨੂੰ ਗ੍ਰਿਫਤਾਰ ਕੀਤਾ ਉਸ ਕੋਲੋਂ 15 ਨਸ਼ੇ ਵਾਲੀਆਂ ਗੋਲੀਆਂ ਮਿਲੀਆਂ।