ਗੁਰਿੰਦਰ ਸਿੰਘ
ਲੁਧਿਆਣਾ, 4 ਜੁਲਾਈ
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੁਲੀਸ ਸਟੇਸ਼ਨ ਲਾਡੋਵਾਲ ਅਧੀਨ ਪੈਂਦੇ ਪਿੰਡ ਤਲਵੰਡੀ ਵਿੱਚ ਚਲਾਏ ਕਾਸੋ ਅਪਰੇਸ਼ਨ ਤਹਿਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 8 ਵਿਅਕਤੀਆਂ ’ਤੇ ਪੁਲੀਸ ਵੱਲੋਂ ਨਿਗਰਾਨੀ ਰੱਖੀ ਗਈ ਸੀ ਜਿਨ੍ਹਾਂ ਵਿੱਚੋਂ 5 ਵਿਅਕਤੀ ਫੜੇ ਗਏ ਹਨ ਜਿਨ੍ਹਾਂ ਕੋਲੋਂ 150 ਅਤੇ 170 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਪਿਛਲੇ ਕਈ ਦਿਨਾਂ ਤੋਂ ਪਿੰਡ ਤਲਵੰਡੀ ਦੇ ਅੱਠ ਵਿਅਕਤੀਆਂ ’ਤੇ ਨਜ਼ਰ ਰੱਖ ਰਹੀ ਸੀ ਜਿਨ੍ਹਾਂ ਵਿੱਚੋਂ 5 ਨੂੰ ਕਾਬੂ ਕਰ ਲਿਆ ਗਿਆ ਹੈ ਜਿਨ੍ਹਾਂ ਵਿਰੁੱਧ ਪਹਿਲਾਂ ਹੀ 18 ਪਰਚੇ ਦਰਜ ਹਨ ਅਤੇ ਉਹ ਜ਼ਮਾਨਤ ’ਤੇ ਬਾਹਰ ਹਨ।
ਉਨ੍ਹਾਂ ਦੱਸਿਆ ਕਿ ਸੀਆਈਏ, ਕ੍ਰਾਈਮ ਬਰਾਂਚ ਅਤੇ ਸਪੈਸ਼ਲ ਸੈੱਲ ਨਸ਼ਿਆਂ ਦੇ ਖਾਤਮੇ ਲਈ ਦ੍ਰਿੜਤਾ ਨਾਲ ਕੰਮ ਕਰ ਰਹੇ ਹਨ ਅਤੇ ਇਸ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਐੱਨਡੀਪੀਐੱਸ ਐਕਟ ਦੇ 467 ਪਰਚੇ ਦਰਜ ਕਰ ਕੇ 623 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ 20 ਕਿਲੋ ਹੈਰੋਇਨ, 15 ਕਿਲੋ ਅਫ਼ੀਮ ਅਤੇ 300 ਕਿਲੋ ਦੇ ਕਰੀਬ ਚੂਰਾ ਪੋਸਤ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਨਾਲ ਜੁੜੀਆਂ 14 ਪ੍ਰਾਪਰਟੀਆਂ ਨੂੰ ਫਰੀਜ਼ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਦੀ ਕੀਮਤ 3 ਕਰੋੜ ਰੁਪਏ ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਨਾਲ ਸਬੰਧਤ ਗੈਰ-ਕਾਨੂੰਨੀ ਅਤੇ ਕਬਜ਼ਿਆਂ ਵਾਲੀਆਂ 10 ਪ੍ਰਾਪਰਟੀਆਂ ਨੂੰ ਢਹਿ-ਢੇਰੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 18 ਕਾਸੋ ਅਪਰੇਸ਼ਨ ਕਰਕੇ ਨਸ਼ਾ ਤਸਕਰਾਂ ਦਾ ਸ਼ਿਕੰਜਾ ਕੱਸਣ ਦੇ ਨਾਲ-ਨਾਲ ਪੁਲੀਸ ਵੱਲੋਂ 105 ਵਿਅਕਤੀ, ਜੋ ਨਸ਼ੇ ਆਦੀ ਸਨ, ਨੂੰ ਮੁੜ ਵਸੇਬਾ ਕੇਂਦਰ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ 627 ਵਿਅਕਤੀਆਂ ਦਾ ਓਟ ਕਲੀਨਿਕਾਂ ਰਾਹੀਂ ਇਲਾਜ ਜਾਰੀ ਹੈ। ਇਸ ਮੌਕੇ ਡੀਸੀਪੀ (ਇਨਵੈਸਟੀਗੇਸ਼ਨ) ਹਰਪਾਲ ਸਿੰਘ, ਏਸੀਪੀ ਹਰਸ਼ਪ੍ਰੀਤ ਸਿੰਘ, ਏਡੀਸੀ ਕੰਵਲਪ੍ਰੀਤ ਸਿੰਘ ਵੀ ਹਾਜ਼ਰ ਸਨ।
ਛੇ ਮਾਮਲਿਆਂ ’ਚ ਜ਼ਮਾਨਤਾਂ ਰੱਦ
ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਕਮਿਸ਼ਨਰੇਟ ਪੁਲੀਸ ਵੱਲੋਂ ਨਸ਼ਿਆਂ ਦੇ ਕੇਸਾਂ ਵਿੱਚ ਜ਼ਮਾਨਤ ’ਤੇ ਬਾਹਰ ਆਉਣ ਵਾਲਿਆਂ ਦੇ ਜ਼ਮਾਨਤੀ ਹੁਕਮਾਂ ਵਿੱਚ ਵਿਸ਼ੇਸ਼ ਤੌਰ ’ਤੇ ਦਰਜ ਕਰਵਾਇਆ ਜਾ ਰਿਹਾ ਹੈ ਕਿ ਜੇਕਰ ਉਹ ਮੁੜ ਨਸ਼ਿਆਂ ਦੇ ਧੰਦੇ ’ਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲੀਸ ਵੱਲੋਂ ਅਜਿਹੇ ਛੇ ਮਾਮਲਿਆਂ ਵਿੱਚ ਜ਼ਮਾਨਤਾਂ ਰੱਦ ਕਰਵਾਈਆਂ ਜਾ ਚੁੱਕੀਆਂ ਹਨ।