ਵੈਟਰਨਰੀ ’ਵਰਸਿਟੀ ’ਚ ਮੱਛੀ ਪਾਲਣ ਸਿਖਲਾਈ ਕੈਂਪ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਫ਼ਿਸ਼ਰੀਜ਼ ਵੱਲੋਂ ਮੱਛੀ ਪਾਲਣ ਸੰਬੰਧੀ ਪੰਜ ਦਿਨਾਂ ਦਾ ਸਿਖਲਾਈ ਕੋਰਸ ਕਰਵਾਇਆ ਗਿਆ ਜਿਸ ਵਿੱਚ 23 ਪ੍ਰਤੀਭਾਗੀਆਂ ਨੇ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਤੋਂ ਹਿੱਸਾ ਲਿਆ। ਡਾ. ਵਨੀਤ ਇੰਦਰ ਕੌਰ ਨੇ ਇਸ ਸਿਖਲਾਈ ਦਾ ਸੰਯੋਜਨ ਕੀਤਾ ਜਿਸ ਵਿੱਚ ਡਾ. ਅਮਿਤ ਮੰਡਲ ਅਤੇ ਡਾ. ਖੁਸ਼ਵੀਰ ਸਿੰਘ ਨੇ ਤਕਨੀਕੀ ਸੰਯੋਜਕ ਦੇ ਤੌਰ ’ਤੇ ਜ਼ਿੰਮੇਵਾਰੀ ਨਿਭਾਈ। ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਯੂਨੀਵਰਸਿਟੀ ਪਸ਼ੂਆਂ ਤੋਂ ਪ੍ਰਾਪਤ ਭੋਜਨ ਉਤਪਾਦ ਢਾਂਚੇ ਨੂੰ ਬਿਹਤਰ ਕਰਨ ਲਈ ਕੇਂਦਰੀ ਭੂਮਿਕਾ ਨਿਭਾ ਰਹੀ ਹੈ। ਡਾ. ਵਨੀਤ ਇੰਦਰ ਕੌਰ ਨੇ ਜਾਣਕਾਰੀ ਦਿੱਤੀ ਕਿ ਸਿਖਲਾਈ ਦੌਰਾਨ ਤਕਨੀਕੀ ਗਿਆਨ ਦੇ ਨਾਲ ਵਿਹਾਰਕ ਸਿੱਖਿਆ ਵੀ ਦਿੱਤੀ ਗਈ। ਸਿਖਲਾਈ ਦੌਰਾਨ ਉਤਮ ਪ੍ਰਬੰਧਕੀ ਅਭਿਆਸ, ਜਗ੍ਹਾ ਦੀ ਚੋਣ, ਤਲਾਬਾਂ ਦਾ ਨਿਰਮਾਣ, ਬੱਚ ਦੀ ਕਿਸਮ, ਪਾਣੀ ਦੀ ਕਵਾਲਿਟੀ, ਖੁਰਾਕ, ਸਿਹਤ ਪ੍ਰਬੰਧਨ, ਜੈਵਿਕ ਸੁਰੱਖਿਆ, ਗੁਣਵੱਤਾ ਭਰਪੂਰ ਉਤਪਾਦ ਅਤੇ ਮੰਡੀਕਾਰੀ ਬਾਰੇ ਗਿਆਨ ਚਰਚਾ ਕੀਤੀ ਗਈ। ਹੱਥੀਂ ਅਤੇ ਅੱਖੀਂ ਗਿਆਨ ਦੇਣ ਲਈ ਅਗਾਂਹਵਧੂ ਮੱਛੀ ਪਾਲਕ ਕੁਲਬੀਰ ਸਿੰਘ ਦੇ ਪਿੰਡ ਰਜੂਰ ਅਤੇ ਲੁਧਿਆਣਾ ਦੀ ਮੱਛੀ ਮੰਡੀ ਦਾ ਦੌਰਾ ਵੀ ਕਰਵਾਇਆ ਗਿਆ। ਵਿਭਿੰਨ ਵਿਭਾਗਾਂ ਵੱਲੋਂ ਚਲਾਈਆਂ ਜਾ ਰਹੀਆਂ ਮੱਛੀ ਪਾਲਣ ਸਕੀਮਾਂ ਅਤੇ ਉਨ੍ਹਾਂ ਦੇ ਲਾਭ ਵੀ ਦੱਸੇ ਗਏ। ਕਾਲਜ ਦੀ ਡੀਨ ਡਾ. ਮੀਰਾ ਡੀ ਆਂਸਲ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਕਿਸਾਨਾਂ ਦੀ ਸਮਰੱਥਾ ਉਸਾਰੀ ਲਈ ਲਗਾਤਾਰ ਮੱਛੀ ਪਾਲਣ ਦੇ ਸਿਖਲਾਈ ਪ੍ਰੋਗਰਾਮ ਕਰਵਾਏ ਜਾਂਦੇ ਹਨ ਜਿਨ੍ਹਾਂ ਰਾਹੀਂ ਕਿਸਾਨਾਂ ਨੂੰ ਸਵੈ-ਨਿਰਭਰ ਬਣਾਉਣ ਲਈ ਤਿਆਰ ਕੀਤਾ ਜਾ ਰਿਹਾ ਹੈ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਵਿੰਦਰ ਸਿੰਘ ਗਰੇਵਾਲ ਨੇ ਕਿਸਾਨਾਂ ਨੂੰ ਇਸ ਗੱਲ ਲਈ ਉਤਸ਼ਾਹਿਤ ਕੀਤਾ ਕਿ ਉਹ ਯੂਨੀਵਰਸਿਟੀ ਦੇ ਸੰਪਰਕ ਵਿੱਚ ਰਹਿਣ ਤਾਂ ਜੋ ਤਕਨੀਕੀ ਗਿਆਨ ਪ੍ਰਾਪਤ ਕਰ ਸਕਣ ਅਤੇ ਪਸ਼ੂਧਨ ਅਤੇ ਮੱਛੀ ਪਾਲਣ ਦੇ ਖੇਤਰ ਵਿੱਚ ਉਦਮੀ ਬਣ ਸਕਣ।