ਪਟਾਕਿਆਂ ਦੇ ਕਾਰੋਬਾਰ ਵਿੱਚ ਮੋਟਾ ਮੁਨਾਫ਼ਾ ਹੋਣ ਕਰਕੇ ਹੁਣ ਸ਼ਹਿਰਾਂ ਵਿੱਚ ਪਟਾਕੇ ਸਟੋਰ ਕਰਨ ਲਈ ਤੇਜ਼ੀ ਨਾਲ ਇਨ੍ਹਾਂ ਦੇ ਵੀ ਗੁਦਾਮ ਖੁੱਲ੍ਹਣ ਲੱਗੇ ਹਨ। ਇਥੇ ਮੋਗਾ ਰੋਡ ’ਤੇ ਇਕ ਪ੍ਰਸਿੱਧ ਢਾਬੇ ਦੇ ਐਨ ਪਿਛਲੇ ਪਾਸੇ ਵੀ ਅਜਿਹਾ ਗੁਦਾਮ ਖੁੱਲ੍ਹਿਆ ਹੈ ਜੋ ਉਦਘਾਟਨ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਆ ਗਿਆ ਹੈ। ਇਸ ਦੀ ਸ਼ਿਕਾਇਤ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹੋਈ ਹੈ ਜਿਸ ’ਤੇ ਹੁਣ ਜਾਂਚ ਦੀ ਗੱਲ ਕਹੀ ਜਾ ਰਹੀ ਹੈ।
ਇਸ ਗੁਦਾਮ ਦਾ ਉਦਘਾਟਨ ਐਤਵਾਰ ਨੂੰ ਹੋਣਾ ਹੈ, ਜਿਸ ਲਈ ਵੱਡੀ ਪੱਧਰ ’ਤੇ ਕਾਰਡ ਵੰਡੇ ਗਏ ਹਨ ਜਦਕਿ ਹਾਲੇ ਤਕ ਇਥੇ ਨਿਯਮ ਸ਼ਰਤਾਂ ਵੀ ਪੂਰੀਆਂ ਨਹੀਂ ਕੀਤੀਆਂ ਗਈਆਂ। ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਬਲਰਾਜ ਸਿੰਘ ਰਾਜੂ ਅਤੇ ਕਾਮਰੇਡ ਬਲਜੀਤ ਸਿੰਘ ਗੋਰਸੀਆਂ ਨੇ ਅਜਿਹੇ ਗੁਦਾਮ ਨੂੰ ਵੱਖ-ਵੱਖ ਵਿਭਾਗਾਂ ਵਲੋਂ ਜਾਰੀ ਹੋਈ ਇਤਰਾਜ਼ ਨਾ ਹੋਣ (ਐਨਓਸੀ) ਦੇ ਸਰਟੀਫਿਕੇਟ ’ਤੇ ਉਂਗਲ ਚੁੱਕੀ ਹੈ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੌਕਾ ਦੇਖਣ ਦੇ ਨਾਲ ਹੀ ਐੱਨਓਸੀ ਜਾਰੀ ਕਰਨ ਵਾਲੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਜਾਂਚ ਦੀ ਵੀ ਮੰਗ ਕੀਤੀ ਹੈ। ਅੱਗ ਬੁਝਾਊ ਯੰਤਰਾਂ ਤੇ ਹੋਰ ਲੋੜੀਂਦੇ ਸਾਜ਼ੋ ਸਾਮਾਨ ਤੋਂ ਬਿਨਾਂ ਗੁਦਾਮ ਖੁੱਲ੍ਹਣ ’ਤੇ ਇਤਰਾਜ਼ ਕਰਦਿਆਂ ਉਨ੍ਹਾਂ ਸਵਾਲ ਕੀਤਾ ਕਿ ਭਾਰੀ ਮਾਤਰਾ ਵਿੱਚ ਇਥੇ ਪਟਾਕੇ ਸਟੋਰ ਹੋਣ 'ਤੇ ਜੇਕਰ ਭਾਣਾ ਵਾਪਰ ਜਾਂਦਾ ਹੈ ਤਾਂ ਹੋਣ ਵਾਲੇ ਜਾਨੀ ਮਾਲੀ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੋਵੇਗਾ? ਗੁਦਾਮ ਮਾਲਕ ਰਾਕੇਸ਼ ਗੁਪਤਾ ਨੇ ਅੱਠ ਸਾਲ ਪਹਿਲਾਂ ਤੋਂ ਮਨਜ਼ੂਰੀ ਹੋਣ ਅਤੇ ਸੁਰੱਖਿਆ ਸਬੰਧੀ ਕੰਮ ਚੱਲਦਾ ਹੋਣ ਤੇ ਜਲਦ ਪੂਰਾ ਕਰ ਲੈਣ ਦੀ ਗੱਲ ਕਹੀ। ਐਸਡੀਐਮ ਦਫ਼ਤਰ ਦੇ ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਮਾਮਲਾ ਨਹੀਂ ਪਰ ਹੁਣ ਜਾਂਚ ਕਰਵਾਈ ਜਾਵੇਗੀ।
ਕੀ ਕੀ ਖਾਮੀਆਂ ਮਿਲੀਆਂ
ਗੁਦਾਮ ਵਿੱਚ ਪਟਾਕੇ ਤਾਂ ਪਹੁੰਚ ਗਏ ਪਰ ਸੁਰੱਖਿਆ ਪੱਖੋਂ ਲੋੜੀਂਦਾ ਸਾਜ਼ੋ ਸਾਮਾਨ ਗਾਇਬ ਹੈ। ਸਭ ਤੋਂ ਵੱਡੀ ਗੱਲ ਦੇਖਣ ਨੂੰ ਮਿਲੀ ਕਿ ਇਹ ਆਬਾਦੀ ਦੇ ਨੇੜੇ ਹੈ। ਇਸ ਗੁਦਾਮ ਦੇ ਇਕ ਪਾਸੇ ਪਿੰਡ ਕੋਠੇ ਅੱਠ ਚੱਕ ਦੇ ਘਰ ਹਨ, ਮੂਹਰਲੇ ਪਾਸੇ ਵੱਡਾ ਢਾਬਾ ਅਤੇ ਇਸ ਦੀ ਚਾਰਦੀਵਾਰੀ ਦੇ ਬਿਲਕੁਲ ਨਾਲ ਦੁੱਧ ਦੀ ਵੱਡੀ ਡੇਅਰੀ ਹੈ ਜਿੱਥੇ ਦਰਜਨਾਂ ਮੱਝਾਂ ਰੱਖੀਆਂ ਹੋਈਆਂ ਹਨ ਤੇ ਉਨ੍ਹਾਂ ਦੇ ਮਾਲਕ ਵੀ ਉਥੇ ਹੀ ਰਹਿੰਦੇ ਹਨ। ਸਾਹਮਣੇ ਪਾਸੇ ਢਾਬੇ ਦੇ ਨਾਲ ਹੀ ਇਕ ਸ਼ੈਲਰ ਵੀ ਜਿੱਥੇ ਸੀਜ਼ਨ ਮੌਕੇ ਕਾਫੀ ਗਿਣਤੀ ਵਿੱਚ ਮਜ਼ਦੂਰ ਕੰਮ ਕਰਦੇ ਹਨ।
ਕਿਹੜੇ ਵਿਭਾਗਾਂ ਤੋਂ ਲੈਣੀ ਪੈਂਦੀ ਹੈ ਮਨਜ਼ੂਰੀ
ਪਟਾਕੇ ਸਟੋਰ ਕਰਨ ਲਈ ਗੁਦਾਮ ਬਣਾਉਣ ਲਈ ਐਸਡੀਐਮ, ਬੀਡੀਪੀਓ, ਜੰਗਲਾਤ ਵਿਭਾਗ, ਸਿਹਤ ਵਿਭਾਗ, ਪ੍ਰਦੂਸ਼ਣ ਵਿਭਾਗ ਅਤੇ ਨਗਰ ਕੌਂਸਲ ਸਮੇਤ ਕੁਝ ਹੋਰਨਾਂ ਵਿਭਾਗਾਂ ਤੋਂ ਐਨਓਸੀ ਲੈਣੀ ਪੈਂਦੀ ਹੈ। ਇਸ ਤੋਂ ਇਲਾਵਾ ਜੇਕਰ ਕੋਈ ਪੰਚਾਇਤ ਜਾਂ ਹੋਰ ਧਿਰ ਇਤਰਾਜ਼ ਕਰੇ ਤਾਂ ਵੀ ਅਜਿਹਾ ਗੁਦਾਮ ਨਹੀਂ ਖੁੱਲ੍ਹ ਸਕਦਾ।