ਚਰਨਜੀਤ ਸਿੰਘ ਢਿੱਲੋਂ
ਜਗਰਾਉਂ , 5 ਜੁਲਾਈ
ਪੁਲੀਸ ਥਾਣਾ ਸਦਰ ਦੀ ਪੁਲੀਸ ਨੇ ਨੇੜਲੇ ਪਿੰਡ ਸ਼ੇਰਪੁਰ ਕਲ੍ਹਾ ਦੀ ਵਸਨੀਕ ਔਰਤ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਖਿਲਾਫ ਗੋਲੀਆਂ ਚਲਾਉਣ ਦਾ ਕੇਸ ਦਰਜ ਕੀਤਾ ਹੈ। ਥਾਣਾ ਸਦਰ ਦੇ ਐੱਸਐੱਚਓ ਸੁਰਜੀਤ ਸਿੰਘ ਅਤੇ ਸ਼ਿਕਾਇਤ ਕਰਤਾ ਸੁਖਦੀਪ ਕੌਰ ਨੇ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਸ ਦਾ ਵਿਆਹ ਕੁੱਝ ਵਰ੍ਹੇ ਪਹਿਲਾਂ ਸ਼ੇਰਪੁਰ ਕਲ੍ਹਾਂ ਦੇ ਰਹਿਣ ਵਾਲੇ ਮਨਜੋਤ ਸਿੰਘ ਨਾਲ ਹੋਇਆ ਸੀ। ਮਨਜੋਤ ਸਿੰਘ ਸ਼ਰਾਬ ਪੀਣ ਦਾ ਆਦੀ ਹੋਣ ਕਾਰਨ ਘਰ ਵਿੱਚ ਕਲੇਸ਼ ਰਹਿੰਦਾ ਹੈ ਤੇ ਮਨਜੋਤ ਅਕਸਰ ਹੀ ਸ਼ਰਾਬੀ ਹਾਲਤ ਵਿੱਚ ਸੁਖਦੀਪ ਕੌਰ ਨਾਲ ਗਾਲੀ ਗਲੋਚ ਕਰਦਾ ਹੈ। ਇੰਨ੍ਹਾਂ ਕਾਰਨਾ ਕਰਕੇ ਮਨਜੋਤ ਸਿੰਘ ਦੀ ਭੈਣ ਅਤੇ ਮਾਂ ਉਸ ਤੋਂ ਵੱਖਰੇ ਤੌਰ ’ਤੇ ਰਹਿੰਦੀਆਂ ਹਨ। ਬੀਤੇ ਕੱਲ੍ਹ ਸੁਖਦੀਪ ਕੌਰ ਦਾ ਭਰਾ ਮਨਜਿੰਦਰ ਸਿੰਘ ਉਸ ਨੂੰ ਮਿਲਣ ਲਈ ਆਇਆ, ਪਰ ਮਨਜੋਤ ਸਿੰਘ ਨੇ ਆਪਣੀ ਆਦਤ ਮੁਤਾਬਿਕ ਦੇਰ ਸ਼ਾਮ ਸ਼ਰਾਬ ਪੀ ਕੇ ਲੜਾਈ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਉਸ ਨੇ ਤੈਸ਼ ਵਿੱਚ ਆ ਕੇ ਬੈੱਡ ਦੀ ਢੋਅ ਵਿੱਚ ਪਿਆ ਆਪਣਾ ਲਾਇਸੰਸੀ ਰਿਵਾਲਵਰ .32 ਬੋਰ ਕੱਢਿਆ ਤੇ ਦੋ ਹਵਾਈ ਫਾਇਰ ਕਰ ਦਿੱਤੇ। ਫਾਇਰ ਹੋਣ ਦੀ ਅਵਾਜ ਸੁੱਣ ਪਿੰਡ ਦੇ ਲੋਕ ਉਸ ਦੇ ਘਰ ਇਕੱਤਰ ਹੋਣੇ ਸ਼ੁਰੂ ਹੋ ਗਏ, ਇਸੇ ਦੌਰਾਨ ਮੌਕਾ ਤਾੜ ਕੇ ਮਨਜੋਤ ਸਿੰਘ ਫਰਾਰ ਹੋ ਗਿਆ। ਪੁਲੀਸ ਨੇ ਸੁਖਦੀਪ ਕੌਰ ਦੇ ਬਿਆਨ ਕਲਮਬੰਦ ਕਰਕੇ ਮਨਜੋਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਸੁਖਦੀਪ ਕੌਰ ਅਨੁਸਾਰ ਕਰੀਬ ਦੋ ਵਰ੍ਹੇ ਪਹਿਲਾਂ ਵੀ ਮਨਜੋਤ ਸਿੰਘ ਨੇ ਪਰਿਵਾਰ ਨਾਲ ਇਸੇ ਤਰ੍ਹਾਂ ਝੱਗੜਾ ਕੀਤਾ ਸੀ, ਫਿਰ ਮੁਆਫੀ ਮੰਗ ਕੇ ਸਮਝੌਤਾ ਕਰ ਲਿਆ ਸੀ। ਪੁਲੀਸ ਅਧਿਕਾਰੀ ਨੇ ਆਖਿਆ ਕਿ ਪੁਲੀਸ ਹਰ ਪਹਿਲੂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।